ਪਟਨਾ ਨੇੜੇ ਗੰਗਾ ਨਦੀ ’ਚ ਕਿਸ਼ਤੀ ਪਲਟੀ, 6 ਲੋਕ ਲਾਪਤਾ 

ਪਟਨਾ, 16 ਜੂਨ 2024 : ਬਿਹਾਰ ਦੇ ਪਟਨਾ ਦੇ ਨੇੜੇ ਸਥਿਤ ਬਾਰਹ ਖੇਤਰ ਵਿੱਚ ਐਤਵਾਰ ਨੂੰ ਗੰਗਾ ਨਦੀ ਵਿੱਚ 17 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਅਧਿਕਾਰੀਆਂ ਮੁਤਾਬਕ ਕਿਸ਼ਤੀ ਉਮਾਨਾਥ ਘਾਟ ਤੋਂ ਦੀਆਰਾ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ ਅਤੇ 6 ਲੋਕ ਲਾਪਤਾ ਹਨ ਜਦਕਿ 11 ਸੁਰੱਖਿਅਤ ਹਨ। ਐਸਡੀਆਰਐਫ ਦੀ ਟੀਮ ਰਵਾਨਾ ਹੋ ਗਈ ਹੈ, ਉਹ ਇੱਥੇ ਪਹੁੰਚਣ ਦੀ ਤਿਆਰੀ ਵਿੱਚ ਹਨ। ਆਪਰੇਸ਼ਨ ਚੱਲ ਰਿਹਾ ਹੈ।ਡੁੱਬਣ ਵਾਲਿਆਂ ਵਿੱਚ NHAI ਦੇ ਸਾਬਕਾ ਖੇਤਰੀ ਅਧਿਕਾਰੀ ਅਵਧੇਸ਼ ਕੁਮਾਰ ਅਤੇ ਉਸ ਦੇ ਪੁੱਤਰ ਸਮੇਤ ਪੰਜ ਲੋਕ ਸ਼ਾਮਲ ਦੱਸੇ ਜਾਂਦੇ ਹਨ। NDRF ਦੀ ਟੀਮ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ। ਪਟਨਾ ਦੇ ਡੀਐਮ ਸਰ ਕਪਿਲ ਅਸ਼ੋਕ ਵੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਪੂਰੀ ਜਾਣਕਾਰੀ ਲਈ। ਪਟਨਾ ਦੇ ਐਸਐਸਪੀ ਰਾਜੀਵ ਮਿਸ਼ਰਾ ਨੇ ਦੱਸਿਆ ਕਿ ਕਿਸ਼ਤੀ ਵਿੱਚ ਇੱਕੋ ਪਰਿਵਾਰ ਦੇ 17 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 12 ਨੂੰ ਮਲਾਹਾਂ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬਚਾ ਲਿਆ ਗਿਆ। SDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਗੰਗਾ ‘ਚ ਡੁੱਬੇ ਲੋਕਾਂ ਦੀ ਭਾਲ ‘ਚ ਜੁਟੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕਿਸ਼ਤੀ ਹਾਦਸੇ ਵਿੱਚ ਡੁੱਬਣ ਵਾਲਿਆਂ ਵਿੱਚ ਅਵਧੇਸ਼ ਕੁਮਾਰ (60 ਸਾਲ), ਉਸ ਦਾ ਪੁੱਤਰ ਨਿਤੀਸ਼ ਕੁਮਾਰ (30 ਸਾਲ), ਹਰਦੇਵ ਪ੍ਰਸਾਦ (65 ਸਾਲ) ਅਤੇ ਇੱਕ ਔਰਤ ਸਮੇਤ ਕੁੱਲ ਪੰਜ ਲੋਕ ਸ਼ਾਮਲ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਾਰਹ ਦੇ ਐਸਡੀਐਮ, ਏਐਸਪੀ, ਥਾਣਾ ਇੰਚਾਰਜ ਵੀ ਉਥੇ ਪਹੁੰਚ ਗਏ ਅਤੇ ਐਸਡੀਆਰਪੀਐਫ ਦੀ ਟੀਮ ਨੂੰ ਬੁਲਾਇਆ ਗਿਆ। ਅਜੇ ਤੱਕ ਡੁੱਬੇ ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਅਵਧੇਸ਼ ਕੁਮਾਰ ਇਸ ਸਾਲ ਫਰਵਰੀ ਵਿੱਚ NHAI ਦੇ ਖੇਤਰੀ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਨਾਲੰਦਾ ਦੇ ਅਸਥਾਵਨ ਦੇ ਮਾਲਤੀ ਪਿੰਡ ਦੇ ਰਹਿਣ ਵਾਲੇ ਅਵਧੇਸ਼ ਕੁਮਾਰ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਬਾਅਦ 17 ਲੋਕ ਕਿਸ਼ਤੀ ‘ਤੇ ਸਵਾਰ ਹੋ ਕੇ ਗੰਗਾ ਦੇ ਦੂਜੇ ਸਿਰੇ ‘ਤੇ ਇਸ਼ਨਾਨ ਕਰਨ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ। ਇਨ੍ਹਾਂ ‘ਚੋਂ 12 ਲੋਕਾਂ ਨੂੰ ਬਚਾਇਆ ਗਿਆ। ਪੰਜ ਵਿਅਕਤੀ ਗੰਗਾ ਵਿੱਚ ਡੁੱਬ ਗਏ। ਡੁੱਬਣ ਵਾਲਿਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।