ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਦਰਜ ਕੀਤੀ ਜਿੱਤ, ਤੇਲੰਗਾਨਾ ਵਿਚ ਕਾਂਗਰਸ ਨੂੰ ਮਿਲਿਆ ਬਹੁਮਤ

ਨਵੀਂ ਦਿੱਲੀ, 03 ਦਸੰਬਰ  : ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ 'ਤੇ ਤਸਵੀਰ ਲਗਭਗ ਸਾਫ਼ ਹੋ ਗਈ ਹੈ। ਰੁਝਾਨਾਂ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਮਿਲ ਰਿਹਾ ਹੈ। ਹੁਣ ਤਕ ਭਾਜਪਾ 126 ਸੀਟਾਂ ਜਿੱਤ ਚੁੱਕੀ ਹੈ ਅਤੇ 38 'ਤੇ ਅੱਗੇ ਹੈ। ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ ਅਤੇ 28 'ਤੇ ਅੱਗੇ ਹੈ। ਬਹੁਮਤ ਲਈ 116 ਸੀਟਾਂ ਦੀ ਲੋੜ ਹੈ। ਇਸ ਚੋਣ ਵਿਚ ਦਿਲਚਸਪ ਗੱਲ ਇਹ ਹੈ ਕਿ ਇਥੇ ਨਾ ਤਾਂ ਸਪਾ, ਬਸਪਾ, ਆਪ ਅਤੇ ਨਾ ਹੀ ਆਜ਼ਾਦ ਉਮੀਦਵਾਰ ਅਪਣਾ ਖਾਤਾ ਖੋਲ੍ਹ ਸਕੇ ਹਨ। ਭਾਜਪਾ-ਕਾਂਗਰਸ ਤੋਂ ਬਾਅਦ ਭਾਰਤ ਆਦਿਵਾਸੀ ਪਾਰਟੀ (ਬੀਏਪੀ) ਹੀ ਅਜਿਹੀ ਪਾਰਟੀ ਹੈ ਜਿਸ ਦਾ ਉਮੀਦਵਾਰ ਜਿੱਤ ਕੇ ਮੱਧ ਪ੍ਰਦੇਸ਼ ਵਿਚ ਦਾਖ਼ਲ ਹੋਇਆ ਹੈ। ਸੈਲਾਨਾ ਤੋਂ ਪਾਰਟੀ ਦੇ ਕਮਲੇਸ਼ਵਰ ਡੋਡੀਅਰ 4618 ਵੋਟਾਂ ਨਾਲ ਜੇਤੂ ਰਹੇ। ਪਿਛਲੀ ਵਾਰ ਮੱਧ ਪ੍ਰਦੇਸ਼ ਵਿਚ 4 ਆਜ਼ਾਦ ਉਮੀਦਵਾਰਾਂ ਸਮੇਤ 2 ਬਸਪਾ ਅਤੇ 1 ਸਪਾ ਉਮੀਦਵਾਰ ਜਿੱਤੇ ਸਨ। ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਨਿਵਾਸ (ਮੰਡਲਾ) ਤੋਂ ਹਾਰ ਗਏ, ਸੰਸਦ ਮੈਂਬਰ ਗਣੇਸ਼ ਸਿੰਘ ਸਤਨਾ ਤੋਂ ਹਾਰ ਗਏ। ਸੂਬੇ ਦੇ 31 ਮੰਤਰੀਆਂ 'ਚੋਂ 7 ਪਿੱਛੇ ਚੱਲ ਰਹੇ ਹਨ, ਜਦਕਿ 6 ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ 7 ਵਿਚੋਂ 2 ਸੰਸਦ ਮੈਂਬਰ ਅੱਗੇ ਚੱਲ ਰਹੇ ਹਨ। ਸੈਲਾਣਾ ਵਿਚ ਭਾਰਤ ਆਦਿਵਾਸੀ ਪਾਰਟੀ ਦੇ ਕਮਲੇਸ਼ ਡੋਡੀਅਰ ਨੇ ਕਾਂਗਰਸ ਦੇ ਹਰਸ਼ ਵਿਜੇ ਗਹਿਲੋਤ ਨੂੰ ਹਰਾਇਆ। ਭਾਜਪਾ ਉਮੀਦਵਾਰ ਸੰਗੀਤਾ ਚਾਰੇਲ ਤੀਜੇ ਨੰਬਰ 'ਤੇ ਰਹੀ। ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਚੋਣ ਕਮਿਸ਼ਨ ਮੁਤਾਬਕ ਸੂਬੇ ਦੀਆਂ ਕੁੱਲ 119 ਵਿਧਾਨ ਸਭਾ ਸੀਟਾਂ 'ਚੋਂ ਕਾਂਗਰਸ 64 'ਤੇ ਅੱਗੇ ਹੈ। ਪਾਰਟੀ ਨੇ ਹੁਣ ਤਕ 61 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 3 'ਤੇ ਅੱਗੇ ਹੈ। ਸੂਬੇ 'ਚ ਸਰਕਾਰ ਬਣਾਉਣ ਲਈ 60 ਸੀਟਾਂ ਦੀ ਲੋੜ ਹੈ। ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੇ 33 ਸੀਟਾਂ ਜਿੱਤੀਆਂ ਹਨ ਅਤੇ 6 'ਤੇ ਅੱਗੇ ਚੱਲ ਰਹੀ ਹੈ। ਭਾਜਪਾ ਨੇ ਹੁਣ ਤਕ 8 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਏਆਈਐਮਆਈਐਮ ਨੇ 5 ਸੀਟਾਂ ਜਿੱਤੀਆਂ ਹਨ, ਜਦਕਿ ਉਹ 2 'ਤੇ ਅੱਗੇ ਹੈ। ਇਕ ਸੀਟ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਹਿੱਸੇ ਆਈ ਹੈ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਕਾਮਰੇਡੀ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਕੇਵੀ ਰਮਨਾ ਨੇ ਹਰਾਇਆ ਹੈ। ਇਸੇ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰਾ ਰੇਵੰਤ ਰੈਡੀ ਵੀ ਚੋਣ ਲੜ ਰਹੇ ਸਨ। ਉਹ ਤੀਜੇ ਸਥਾਨ 'ਤੇ ਰਹੇ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿਤੀ। ਕਾਮਰੇਡੀ ਤੋਂ ਇਲਾਵਾ ਮੁੱਖ ਮੰਤਰੀ ਕੇਸੀਆਰ ਗਜਵੇਲ ਤੋਂ ਵੀ ਚੋਣ ਲੜ ਰਹੇ ਸਨ। ਉਨ੍ਹਾਂ ਨੇ ਅਪਣੀ ਰਵਾਇਤੀ ਸੀਟ ਗਜਵੇਲ ਤੋਂ ਚੋਣ ਜਿੱਤੀ ਹੈ। ਰੇਵੰਤ ਰੈਡੀ ਵੀ ਦੋ ਸੀਟਾਂ ਕੋਡਂਗਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਵੀ ਕੋਡੰਗਲ ਤੋਂ ਅਪਣੀ ਦੂਜੀ ਸੀਟ ਜਿੱਤੀ ਹੈ। ਭਾਜਪਾ ਵਲੋਂ ਮੈਦਾਨ 'ਚ ਉਤਾਰੇ ਗਏ ਤਿੰਨ ਮੌਜੂਦਾ ਸੰਸਦ ਮੈਂਬਰਾਂ 'ਚ ਸਾਬਕਾ ਸੂਬਾਈ ਇਕਾਈ ਦੇ ਪ੍ਰਧਾਨ ਬੰਦੀ ਸੰਜੇ ਕੁਮਾਰ ਕਰੀਮਨਗਰ ਵਿਧਾਨ ਸਭਾ ਸੀਟ ਤੋਂ, ਨਿਜ਼ਾਮਾਬਾਦ ਦੇ ਸੰਸਦ ਧਰਮਪੁਰੀ ਅਰਵਿੰਦ ਕੋਰਤਲਾ ਤੋਂ ਅਤੇ ਆਦਿਲਾਬਾਦ ਤੋਂ ਸੰਸਦ ਮੈਂਬਰ ਸੋਯਮ ਬਾਪੂ ਰਾਓ ਪਿੱਛੇ ਚੱਲ ਰਹੇ ਹਨ। ਗੋਸ਼ਾਮਹਿਲ ਤੋਂ ਭਾਜਪਾ ਦੇ ਟੀ ਰਾਜਾ ਸਿੰਘ ਅੱਗੇ ਚੱਲ ਰਹੇ ਹਨ। ਵੱਡੇ ਚਿਹਰਿਆਂ 'ਚ ਮੁੱਖ ਮੰਤਰੀ ਦੇ ਪੁੱਤਰ ਅਤੇ ਰਾਜ ਮੰਤਰੀ ਕੇਟੀਆਰ ਸਰਕਿਲਾ ਸੀਟ ਤੋਂ ਅੱਗੇ ਚੱਲ ਰਹੇ ਹਨ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਚੰਦਰਯਾਨਗੁਟਾ ਸੀਟ ਤੋਂ ਅੱਗੇ ਹਨ। ਕਾਂਗਰਸ ਦੇ ਜੁਬਲੀ ਹਿਲਸ ਉਮੀਦਵਾਰ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਪਿੱਛੇ ਚੱਲ ਰਹੇ ਹਨ। 

ਛੱਤੀਸਗੜ੍ਹ 'ਚ ਵੀ ਕਾਂਗਰਸ ਨੂੰ ਝਟਕਾ, ਭਾਜਪਾ ਨੂੰ 40 ਸੀਟਾਂ 'ਤੇ ਮਿਲੀ ਜਿੱਤ, 14 ਸੀਟਾਂ 'ਤੇ ਅੱਗੇ

ਛੱਤੀਸਗੜ੍ਹ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸੱਤਾ ਖੁੱਸਣ ਦੇ ਨਾਲ ਹੀ ਉਪ ਮੁੱਖ ਮੰਤਰੀ ਟੀਐਸ ਸਿੰਘਦੇਵ, ਸੂਬਾ ਪ੍ਰਧਾਨ ਦੀਪਕ ਬੈਜ ਸਮੇਤ 5 ਮੰਤਰੀ ਚੋਣ ਹਾਰ ਗਏ ਹਨ, ਜਦਕਿ 3 ਅਜੇ ਪਿੱਛੇ ਚੱਲ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਉਹ ਰਾਤ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਣਗੇ। ਚੋਣ ਕਮਿਸ਼ਨ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਸੀਟਾਂ 'ਤੇ ਬਹੁਮਤ ਹਾਸਲ ਹੋਇਆ ਹੈ। ਫਿਲਹਾਲ ਭਾਜਪਾ ਨੇ 40 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 14 'ਤੇ ਅੱਗੇ ਹੈ। ਜਦਕਿ ਕਾਂਗਰਸ ਨੂੰ 29 ਸੀਟਾਂ ਮਿਲੀਆਂ ਹਨ ਅਤੇ ਉਹ 6 'ਤੇ ਅੱਗੇ ਹੈ। ਕਾਂਗਰਸ ਨੂੰ ਸਰਗੁਜਾ ਅਤੇ ਰਾਏਪੁਰ 'ਚ ਸੱਭ ਤੋਂ ਵੱਡਾ ਝਟਕਾ ਲੱਗਾ ਹੈ। ਇਥੇ ਸਾਰੀਆਂ ਸੀਟਾਂ ਕਾਂਗਰਸ ਦੇ ਹੱਥੋਂ ਨਿਕਲ ਗਈਆਂ ਹਨ। ਸਾਬਕਾ ਸੀਐਮ ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਭਾਜਪਾ ਦੀ ਇਸ ਵੱਡੀ ਜਿੱਤ ਦੇ ਪਿੱਛੇ ਰਾਜ ਦੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ-ਨਾਲ ਕੇਂਦਰੀ ਲੀਡਰਸ਼ਿਪ ਦੀ ਸਖ਼ਤ ਮਿਹਨਤ ਅਤੇ ਕੁਸ਼ਲ ਅਗਵਾਈ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਮੋਦੀ ਜੀ ਦੀ ਗਰੰਟੀ 'ਤੇ ਵਿਜੇ ਤਿਲਕ ਨੂੰ ਲਗਾਇਆ ਹੈ। ਅਸੀਂ ਮਿਲ ਕੇ ਛੱਤੀਸਗੜ੍ਹ ਦਾ ਵਿਕਾਸ ਕਰਾਂਗੇ।

ਤੇਲੰਗਾਨਾ ‘ਚ ਲੋਕ ਭਲਾਈ ਕੰਮ ਜਾਰੀ ਰਹਿਣਗੇ : ਪ੍ਰਧਾਨ ਮੰਤਰੀ ਮੋਦੀ 
ਤਿੰਨ ਸੂਬਿਆਂ ਵਿੱਚ ਹੋਈ ਬੰਪਰ ਜਿੱਤ ਤੋਂ ਬਾਅਦ ਭਾਜਪਾ ਦੇ ਵਰਕਰ ਅਤੇ ਆਗੂ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ। ਕੁਝ ਸਮੇਂ ਬਾਅਦ ਉਹ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਕਿ ਤੇਲੰਗਾਨਾ ਦੇ ਭਰਾਵੋ ਅਤੇ ਭੈਣੋ, ਭਾਜਪਾ ਨੂੰ ਸਮਰਥਨ ਦੇਣ ਲਈ ਤੁਹਾਡਾ ਧੰਨਵਾਦ। ਭਾਜਪਾ ਲਈ ਤੁਹਾਡਾ ਸਮਰਥਨ ਪਿਛਲੇ ਕੁਝ ਸਾਲਾਂ ਤੋਂ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਾਰੀ ਰਹੇਗਾ। ਤੇਲੰਗਾਨਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ ਅਤੇ ਅਸੀਂ ਸੂਬੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ। ਮੈਂ ਭਾਜਪਾ ਵਰਕਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕਰਦਾ ਹਾਂ ਇਸ ਦੇ ਨਾਲ ਹੀ ਪ੍ਰਧਾਨ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕਰਕੇ ਜਨਤਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਜਨਤਾ ਨੂੰ ਸਲਾਮ! ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਇਹ ਦਰਸਾ ਰਹੇ ਹਨ ਕਿ ਭਾਰਤ ਦੇ ਲੋਕਾਂ ਦਾ ਭਰੋਸਾ ਸਿਰਫ਼ ਸੁਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਵਿੱਚ ਹੈ, ਉਨ੍ਹਾਂ ਦਾ ਵਿਸ਼ਵਾਸ ਭਾਜਪਾ ਵਿੱਚ ਹੈ। ਮੈਂ ਇਨ੍ਹਾਂ ਸਾਰੇ ਰਾਜਾਂ ਦੇ ਪਰਿਵਾਰਕ ਮੈਂਬਰਾਂ, ਖਾਸ ਤੌਰ ‘ਤੇ ਮਾਵਾਂ, ਭੈਣਾਂ, ਧੀਆਂ ਅਤੇ ਸਾਡੇ ਨੌਜਵਾਨ ਵੋਟਰਾਂ ਦਾ ਭਾਜਪਾ ‘ਤੇ ਆਪਣੇ ਪਿਆਰ, ਵਿਸ਼ਵਾਸ ਅਤੇ ਆਸ਼ੀਰਵਾਦ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ। ‘ਇਸ ਮੌਕੇ ਪਾਰਟੀ ਦੇ ਸਾਰੇ ਮਿਹਨਤੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਤੁਸੀਂ ਸਾਰਿਆਂ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਭਾਜਪਾ ਦੀਆਂ ਵਿਕਾਸ ਅਤੇ ਗਰੀਬ ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਵਿਚ ਲਿਆਂਦਾ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ । ਅਸੀਂ ਵਿਕਸਿਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ। ਸਾਨੂੰ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਥੱਕਣਾ ਹੈ। ਅਸੀਂ ਭਾਰਤ ਨੂੰ ਜੇਤੂ ਬਣਾਉਣਾ ਹੈ। ਅੱਜ ਅਸੀਂ ਮਿਲ ਕੇ ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ​​ਕਦਮ ਚੁੱਕਿਆ ਹੈ।

ਚੋਣ ਨਤੀਜੇ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਰਹੇ, ਅਸੀਂ ਵਾਪਸੀ ਕਰਾਂਗੇ : ਖੜਗੇ
ਦੇਸ਼ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਜਦਕਿ ਤੇਲੰਗਾਨਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਚੋਣ ਨਤੀਜਿਆਂ ‘ਤੇ ਪਾਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਤੇਲੰਗਾਨਾ ਦੇ ਵੋਟਰਾਂ ਦਾ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਭਰੋਸਾ ਜਤਾਉਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਂਗਰਸ ਲਈ ਵੋਟ ਪਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਚੋਣ ਨਤੀਜੇ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਰਹੇ, ਪਰ ਸਾਨੂੰ ਭਰੋਸਾ ਹੈ ਕਿ ਅਸੀਂ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਮਜ਼ਬੂਤੀ ਨਾਲ ਵਾਪਸੀ ਕਰਾਂਗੇ। ਇਨ੍ਹਾਂ ਚਾਰ ਸੂਬਿਆਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਪੂਰੇ ਜ਼ੋਰ-ਸ਼ੋਰ ਨਾਲ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਅਣਗਿਣਤ ਵਰਕਰਾਂ ਦਾ ਧੰਨਵਾਦ ਕੀਤਾ। ਇਸ ਹਾਰ ਤੋਂ ਨਿਰਾਸ਼ ਹੋਏ ਬਗ਼ੈਰ ਸਾਨੂੰ ਭਾਰਤ ਦੀਆਂ ਪਾਰਟੀਆਂ ਦੇ ਨਾਲ ਮਿਲ ਕੇ ਲੋਕ ਸਭਾ ਚੋਣਾਂ ਦੀ ਤਿਆਰੀ ਦੋਹਰੇ ਜੋਸ਼ ਨਾਲ ਸ਼ੁਰੂ ਕਰਨੀ ਪਵੇਗੀ।

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ : ਰਾਹੁਲ ਗਾਂਧੀ 
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਆਪਣੀ ਪਾਰਟੀ ਦੀ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ, ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ,”। ਤੇਲੰਗਾਨਾ ਵਿੱਚ ਆਪਣੀ ਪਾਰਟੀ ਦੀ ਜਿੱਤ ‘ਤੇ, ਉਸਨੇ ਕਿਹਾ, “ਮੈਂ ਤੇਲੰਗਾਨਾ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ – ਅਸੀਂ ਯਕੀਨੀ ਤੌਰ ‘ਤੇ ਪ੍ਰਜਾਲੂ ਤੇਲੰਗਾਨਾ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਾਂਗੇ। ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਸਮਰਥਨ ਲਈ ਸਾਰੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਰਾਜਸਥਾਨ ‘ਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਦਿੱਤੀ ਗਰੰਟੀ ਦੀ ਜਿੱਤ ਹੈ: ਵਸੁੰਧਰਾ ਰਾਜੇ
ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਰਾਜਸਥਾਨ ਵਿੱਚ ਜਿੱਤ ਦਾ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ। ਵਸੁੰਧਰਾ ਰਾਜੇ ਨੇ ਹਾਈ ਪ੍ਰੋਫਾਈਲ ਸੀਟ ਝਾਲਰਾਪਟਨ ਤੋਂ ਬਹੁਮਤ ਵੋਟਾਂ ਨਾਲ ਚੋਣ ਜਿੱਤੀ। ਵਸੁੰਧਰਾ ਨੇ ਇਹ ਸੀਟ 5ਵੀਂ ਵਾਰ ਜਿੱਤੀ ਹੈ। ਵਸੁੰਧਰਾ ਨੇ ਕਿਹਾ ਕਿ ਇਹ ਰਾਜਸਥਾਨ ਦੀ ਸਭ ਤੋਂ ਸ਼ਾਨਦਾਰ ਜਿੱਤ ਹੈ। ਇਹ ਉਹ ਪ੍ਰਧਾਨ ਮੰਤਰੀ ਮੋਦੀ ਹਨ ਜਿਨ੍ਹਾਂ ਦਾ ਮੰਤਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਯਤਨ ਸੀ। ਇਹ ਉਨ੍ਹਾਂ ਦੀ ਦਿੱਤੀ ਗਰੰਟੀ ਦੀ ਜਿੱਤ ਹੈ। ਝਾਲਰਾਪਟਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਾਂਗਰਸ ਉਮੀਦਵਾਰ ਰਾਮਲਾਲ ਚੋਹਾਨ ਨੂੰ 53193 ਵੋਟਾਂ ਨਾਲ ਹਰਾਇਆ।