ਛਤਰਪਤੀ ਸੰਭਾਜੀਨਗਰ ਖੇਤਰ ਵਿੱਚ ਘਰ 'ਚ ਹੋਇਆ ਵੱਡਾ ਧਮਾਕਾ, ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ

ਔਰੰਗਾਬਾਦ 3 ਅਪ੍ਰੈਲ : ਮਹਾਰਾਸ਼ਟਰ ਦੇ ਔਰੰਗਾਬਾਦ ਦੇ ਛਤਰਪਤੀ ਸੰਭਾਜੀਨਗਰ ਦੇ ਛਾਉਣੀ ਖੇਤਰ ਵਿੱਚ ਇੱਕ ਘਰ ਚ ਬੱਚੇ, ਬਜ਼ੁਰਗ ਅਤੇ ਔਰਤਾਂ ਸਮੇਤ ਪੂਰਾ ਪਰਿਵਾਰ ਸੁੱਤਾ ਪਿਆ ਸੀ, ਅਚਾਨਕ ਇੱਕ ਜ਼ਬਰਦਸਤ ਧਮਾਕਾ ਹੋਇਆ ਅਤੇ ਘਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਅੱਗ ਵਿੱਚ ਸੜੇ ਲੋਕ ਆਪਣੀ ਜਾਨ ਬਚਾਉਣ ਲਈ ਚੀਕਾਂ ਮਾਰਦੇ ਰਹੇ ਪਰ ਕੋਈ ਵੀ ਮਦਦ ਲਈ ਅੰਦਰ ਨਹੀਂ ਆ ਸਕਿਆ। ਮਰਨ ਵਾਲਿਆਂ 'ਚ ਨੌਜਵਾਨ ਲੜਕੀਆਂ ਵੀ ਸ਼ਾਮਲ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 2 ਲੋਕ ਜ਼ਿੰਦਾ ਸੜ ਗਏ ਸਨ ਅਤੇ 5 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਸੀ ਪਰ ਸਾਰੇ 7 ਲਾਸ਼ਾਂ ਬੁਰੀ ਹਾਲਤ 'ਚ ਮਿਲੀਆਂ ਸਨ, ਜਿਸ ਨੂੰ ਦੇਖਦੇ ਹੋਏ ਪੁਲਸ ਦਾ ਕਹਿਣਾ ਹੈ ਕਿ 7 ਦੀ ਮੌਤ ਸੜਨ ਕਾਰਨ ਹੋਈ ਹੈ। ਅੱਗ ਬੁਝਾਉਣ ਤੋਂ ਬਾਅਦ ਘਰ ਦੇ ਅੰਦਰ ਦੇ ਨਜ਼ਾਰਾ ਨੇ ਪੁਲਿਸ ਅਤੇ ਫਾਇਰ ਕਰਮੀਆਂ ਨੂੰ ਵੀ ਹੈਰਾਨ ਕਰ ਦਿੱਤਾ। ਇਹ ਭਿਆਨਕ ਅੱਗ ਦੀ ਘਟਨਾ ਅੱਜ ਸਵੇਰੇ 3 ਤੋਂ 4 ਵਜੇ ਦੇ ਵਿਚਕਾਰ ਮਹਾਰਾਸ਼ਟਰ ਵਿੱਚ ਵਾਪਰੀ। ਅੱਗ ਲੱਗਣ ਦਾ ਕਾਰਨ ਚਾਰਜ ਹੋ ਰਹੀ ਬੈਟਰੀ ਵਾਲੀ ਗੱਡੀ ਵਿੱਚ ਧਮਾਕਾ ਹੋਣਾ ਦੱਸਿਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਮਨੋਜ ਲੋਹੀਆ ਨੇ ਪੱਤਰਕਾਰਾਂ ਨੂੰ ਦੱਸਿਆ, ''ਦੁਕਾਨ 'ਚ ਸਵੇਰੇ ਕਰੀਬ 4 ਵਜੇ ਅਚਾਨਕ ਅੱਗ ਲੱਗ ਗਈ। ਪੁਲਿਸ ਨੂੰ ਸਵੇਰੇ 4.15 ਵਜੇ ਘਟਨਾ ਦੀ ਸੂਚਨਾ ਮਿਲੀ। ਅੱਗ ਲੱਗਣ ਤੋਂ ਬਾਅਦ ਧੂੰਆਂ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ, ਜਿੱਥੇ ਦੁਕਾਨ ਦੇ ਉੱਪਰ ਇੱਕ ਪਰਿਵਾਰ ਰਹਿੰਦਾ ਸੀ। ਦਮ ਘੁੱਟਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।