ਐਮਪੀ ਵਜੋਂ ਸੋਹੁੰ ਚੁੱਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਸਮਾਂ

ਨਵੀਂ ਦਿੱਲੀ 24 ਜੂਨ 2024 : 18ਵੀਂ ਲੋਕ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਨਵੇਂ ਸੈਸ਼ਨ ਦੇ ਵਿੱਚ ਨਵੇਂ ਚੁਣੇ ਗਏ ਲੋਕ ਸਭਾ ਦੇ ਮੈਂਬਰਾਂ ਨੂੰ ਸੋਹੁੰ ਚੁਕਾਈ ਜਾਵੇਗੀ। ਪੰਜਾਬ ਦੇ ਸਾਂਸਦਾਂ ਨੂੰ ਸੋਹੁੰ ਚੁੱਕਣ ਦਾ ਸਮਾਂ ਮੰਗਲਵਾਰ 25 ਜੂਨ ਦਾ ਦਿੱਤਾ ਗਿਆ ਹੈ। ਅਜਿਹੇ ਵਿੱਚ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ , ਖਡੂਰ ਸਾਹਿਬ ਤੋਂ ਚੁਣੇ ਗਏ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਸੋਹੁੰ ਚੁੱਕਣ ਲਈ ਪਹੁੰਚ ਸਕਣਗੇ ਜਾਂ ਨਹੀਂ। ਪੰਜਾਬ ਦੇ ਜਿਨਾਂ 13 ਸਾਂਸਦਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਹਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋਹੁੰ ਚੁੱਕਣ ਦੇ ਲਈ ਰਸਮੀ ਸੱਦਾ ਵੀ ਦਿੱਤਾ ਗਿਆ ਹੈ, ਅਤੇ ਉਹਨਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸੱਦਾ ਪੱਤਰ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਦਾ ਸੋਹੁੰ ਚੁੱਕਣ ਲਈ ਪਹੁੰਚਣਾ ਔਖਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਮਾਰਚ 2023 ਤੋਂ ਡਿਬਰੂਗੜ੍ਹ ਦੀ ਜੇਲ ਦੇ ਵਿੱਚ ਬੰਦ ਹਨ। ਭਾਈ ਅਮ੍ਰਿਤਪਾਲ ਸਿੰਘ ਨੂੰ ਐਨਐਸਏ ਦੇ ਤਹਿਤ ਡਿਗਰੂਗੜ ਦੀ ਜੇਲ ਦੇ ਵਿੱਚ ਬੰਦ ਕੀਤਾ ਗਿਆ ਹੈ। ਐਨਐਸਏ ਦੇ ਆਧਾਰ ਤੇ ਬਿਨਾਂ ਕਿਸੇ ਦੋਸ਼ ਦੇ ਵਿਅਕਤੀ ਨੂੰ 12 ਮਹੀਨੇ ਤੱਕ ਹਿਰਾਸਤ ਦੇ ਵਿੱਚ ਰੱਖਣ ਦੀ ਇਜਾਜ਼ਤ ਹੁੰਦੀ ਹੈ। ਇਸੇ ਦੇ ਤਹਿਤ ਹੁਣ ਭਾਈ ਅੰਮ੍ਰਿਤ ਪਾਲ ਸਿੰਘ ਦੀ ਹਿਰਾਸਤ ਦੇ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਇਹ ਔਖਾ ਲੱਗ ਰਿਹਾ ਹੈ ਕਿ, ਭਾਈ ਅੰਮ੍ਰਿਤ ਪਾਲ ਸਿੰਘ ਸੋਹੁੰ ਚੁੱਕਣ ਦੇ ਲਈ ਪਹੁੰਚ ਸਕਣਗੇ।