ਨਹੀਂ ਰਹੇ ਹਰੀ ਕ੍ਰਾਂਤੀ ਦੇ ਪਿਤਾ ਖੇਤੀਬਾੜੀ ਵਿਗਿਆਨੀ ਐੱਮਐੱਸ ਸਵਾਮੀਨਾਥਨ 

ਨਵੀਂ ਦਿੱਲੀ, 28 ਸਤੰਬਰ : ਮਹਾਨ ਖੇਤੀਬਾੜੀ ਵਿਗਿਆਨੀ ਐਮਐਸ ਸਵਾਮੀਨਾਥਨ ਨੇ ਦੇਸ਼ ਦੀ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦੇ ਕਾਰਨ ਕਈ ਰਾਜਾਂ ਵਿੱਚ ਖੇਤੀਬਾੜੀ ਉਤਪਾਦਾਂ ਵਿੱਚ ਵਾਧਾ ਹੋਇਆ ਸੀ। ਐਮਐਸ ਸਵਾਮੀਨਾਥਨ ਰਿਸਰਚ ਫਾਉਂਡੇਸ਼ਨ ਵਿੱਚ ਸੂਤਰਾਂ ਨੇ ਕਿਹਾ ਕਿ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦਾ ਲੰਬੇ ਸਮੇਂ ਤੋਂ ਬਿਮਾਰ ਸਨ ਜਿਸ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੀ ਉਮਰ 98 ਸਾਲ ਦੀ ਸੀ। ਸਵਾਮੀਨਾਥਨ ਆਪਣੇ ਪਿੱਛੇ ਤਿੰਨ ਧੀਆਂ ਨੂੰ ਛੱਡ ਗਏ। ਸਵਾਮੀਨਾਥਨ ਨੇ ਦੇਸ਼ ਵਿੱਚ ਝੋਨੇ ਦੀ ਫ਼ਸਲ ਨੂੰ ਉਤਸ਼ਾਹਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ ਕਈ ਕਿਸਮਾਂ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਜੋ ਝੋਨੇ ਦੀ ਉੱਚ ਪੈਦਾਵਾਰ ਦਿੰਦੇ ਹਨ। ਇਸ ਪਹਿਲਕਦਮੀ ਕਾਰਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਬਹੁਤ ਮਦਦ ਮਿਲੀ ਸੀ।  

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀਨਾਥਨ ਦੇ ਦੇਹਾਂਤ 'ਤੇ ਕੀਤਾ ਦੁੱਖ ਪ੍ਰਗਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਖੇਤੀ ਵਿਗਿਆਨੀ ਐਮਐਸ ਸਵਾਮੀਨਾਥਨ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਹ ਵੀ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਦੇਖਣ ਦਾ ਉਨ੍ਹਾਂ ਦਾ ਜਨੂੰਨ ਮਿਸਾਲੀ ਸੀ ਅਤੇ ਉਨ੍ਹਾਂ ਦਾ ਜੀਵਨ ਅਤੇ ਕੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪੀਐੱਮ ਮੋਦੀ ਨੇ 'ਐਕਸ' 'ਤੇ ਪੋਸਟਾਂ ਦੀ ਇੱਕ ਲੜੀ ਵਿਚ ਕਿਹਾ "ਡਾ. ਐਮ.ਐਸ. ਸਵਾਮੀਨਾਥਨ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਸਾਡੇ ਦੇਸ਼ ਦੇ ਇਤਿਹਾਸ ਦੇ ਇੱਕ ਬਹੁਤ ਹੀ ਨਾਜ਼ੁਕ ਦੌਰ ਵਿਚ, ਖੇਤੀਬਾੜੀ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਸਾਡੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ।"

 

  • ਮੁੱਖ ਮੰਤਰੀ ਮਾਨ ਨੇ ਸਵਾਮੀਨਾਥਨ ਦੇ ਦੇਹਾਂਤ ਦੁੱਖ ਦਾ ਪ੍ਰਗਟਾਵਾ ਕੀਤਾ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਨੂੰ ਖੇਤੀਬਾੜੀ ਵਿਗਿਆਨ ਦੇ ਖ਼ੇਤਰ ਵਿੱਚ ਇਕ ਯੁੱਗ ਦਾ ਅੰਤ ਦੱਸਿਆ। ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਦੇ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦੇ ਦੇਹਾਂਤ ਨਾਲ ਇਕ ਵੱਡਾ ਖੱਪਾ ਪਿਆ ਹੈ, ਜਿਸ ਦਾ ਨੇੜ ਭਵਿੱਖ ਵਿੱਚ ਭਰਿਆ ਜਾਣਾ ਸੰਭਵ ਨਹੀਂ ਲੱਗਦਾ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ. ਸਵਾਮੀਨਾਥਨ ਦਾ ਦੇਹਾਂਤ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।