ਨਵੀਂ ਦਿੱਲੀ 03 ਅਪ੍ਰੈਲ : ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਛੇ ਮਹੀਨਿਆਂ (184 ਦਿਨਾਂ) ਬਾਅਦ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਵੱਧ 3824 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 18,389 ਹੋ ਗਈ ਹੈ। ਕੋਰੋਨਾ ਨਾਲ ਪੰਜ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,30,881 ਹੋ ਗਈ ਹੈ। ਇਸ ਦੌਰਾਨ ਰੋਜ਼ਾਨਾ ਇਨਫੈਕਸ਼ਨ ਦਰ 2.87 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 2.24 ਫ਼ੀਸਦੀ ਦਰਜ ਕੀਤੀ ਗਈ। ਇਸ ਬਿਮਾਰੀ ਨਾਲ ਹੁਣ ਤੱਕ ਦੇਸ਼ ’ਚ 4,47,22,605 ਲੋਕ ਪੀੜਤ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਕੁੁੱਲ ਪੀੜਤਾਂ ਦਾ 0.04 ਫ਼ੀਸਦੀ ਹੈ। ਕੋਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.77 ਫ਼ੀਸਦੀ ਦਰਜ ਕੀਤੀ ਗਈ ਹੈ। ਮੌਤ ਦਰ 1.19 ਫ਼ੀਸਦੀ ਹੈ। ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀਆਂ 220.66 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।