ਮੁੰਬਈ ‘ਚ ਵਾਪਰੇ ਹਾਦਸੇ ‘ਚ 3 ਲੋਕਾਂ ਦੀ ਮੌਤ, ਦੋ ਦੀ ਹਾਲਤ ਨਾਜ਼ੁਕ

ਬਾਂਦਰਾ, 10 ਨਵੰਬਰ : ਮੁੰਬਈ ਦੇ ਬਾਂਦਰਾ- ਵਰਲੀ ਸੀ ਲਿੰਕ ਤੇ ਵਾਪਰੇ ਇੱਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ। ਹਾਦਸੇ ਦੀ ਸੂਚਨਾਂ ਮਿਲਦਿਆਂ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਜਖ਼ਮੀਆਂ ਨੂੰ ਐਬੂਲੈਂਸਾਂ ਰਾਹੀਂ ਹਸਪਤਾਲਾਂ ‘ਚ ਪਹੁੰਚਾਇਆ ਗਿਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਇਨੋਵਾ ਕਾਰ ਜੋ ਵਰਲੀ ਤੋਂ ਬਾਂਦਰਾ ਨੂੰ ਬਹੁਤ ਤੇਜ ਰਫਤਾਰ ਨਾਲ ਆ ਰਹੀ ਸੀ, ਨੇ ਬਾਂਦਰਾ ਵਾਲੀ ਸਾਇਡ ਤੇ ਟੋਲ ਪਲਾਜਾ ਤੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅੱਧੀ ਦਰਜਨ ਦੇ ਕਰੀਬ ਵਾਹਨ ਆਪਸ ਵਿੱਚ ਟਕਰਾ ਗਏ, ਇਸ ਹਾਦਸੇ ‘ਚ 9 ਵਿਅਕਤੀ ਜਖ਼ਮੀ ਹੋ ਗਏ ਅਤੇ ਤਿੰਨ ਦੀ ਮੌਤ ਹੋ ਗਈ। ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਅਨੁਸਾਰ ਇਨੋਵਾ ਕਾਰ ਦਾ ਚਾਲਕ ਹਾਦਸੇ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਨੋਵਾ ਗੱਡੀ ਨੂੰ ਵੀ ਜਬਤ ਕਰਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।