ਬਿਹਾਰ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ 

ਰੋਹਤਾਸ, 30 ਅਗਸਤ : ਬਿਹਾਰ ਦੇ ਜਿਲ੍ਹਾ ਰੋਹਤਾਸ ਵਿੱਚ ਬੁੱਧਵਾਰ ਦੀ ਸਵੇਰ ਸਮੇਂ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋਂ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਸਕਾਰਪੀਓ ਗੱਡੀ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਗੰਭੀਰ ਜਖ਼ਮੀ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਡਰਾਈਵਰ ਨੂੰ ਨੀਂਦ ਆ ਜਾਣ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ। ਸ਼ਿਵਸਾਗਰ ਦੇ ਥਾਣਾ ਮੁਖੀ ਰਾਕੇਸ਼ ਗੋਸਾਈ ਨੇ ਦੱਸਿਆ ਕਿ ਇਹ ਹਾਦਸਾ ਸ਼ਿਵਸਾਗਰ ‘ਚੋ ਦੀ ਲੰਘਦੇ ਨੈਸ਼ਨਲ ਹਾਈਵੇ ਤੇ ਸਵੇਰੇ 4 ਵਜੇ ਦੇ ਕਰੀਬ ਵਾਪਰਿਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ, ਜਦੋਂ ਕਿ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਵਸਨੀਕ ਉਕਤ ਪ੍ਰਵਾਰ ਦੇ ਮੈਂਬਰ ਐਸ.ਯੂ.ਵੀ. 'ਤੇ ਸਵਾਰ ਹੋ ਕੇ ਗੁਆਂਢੀ ਰਾਜ ਝਾਰਖੰਡ ਦੇ ਰਾਜਰੱਪਾ ਮੰਦਰ ਤੋਂ ਵਾਪਸ ਆ ਰਹੇ ਸਨ। ਐਸ.ਯੂ.ਵੀ. ਵਿਚ ਡਰਾਈਵਰ ਤੋਂ ਇਲਾਵਾ 11 ਹੋਰ ਲੋਕ ਸਵਾਰ ਸਨ। ਪੁਲਿਸ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਤੇਜ਼ ਰਫ਼ਤਾਰ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਮ੍ਰਿਤਕਾਂ ਦੀ ਪਛਾਣ ਰਾਜਮਤੀ ਦੇਵੀ (55), ਉਸ ਦੀ ਬੇਟੀ ਸੋਨੀ ਕੁਮਾਰੀ (35), ਉਸ ਦੇ ਜਵਾਈ ਅਰਵਿੰਦ ਸ਼ਰਮਾ (40), ਉਸ ਦੇ ਪੋਤੇ ਆਦਿਤਿਆ ਕੁਮਾਰ (8) ਅਤੇ ਰੀਆ ਕੁਮਾਰੀ (9) ਵਜੋਂ ਹੋਈ ਹੈ। ਗੋਸਾਈ ਨੇ ਦਸਿਆ ਕਿ ਹਾਦਸੇ ਵਿਚ ਅਰਵਿੰਦ ਦੀਆਂ ਦੋ ਭਤੀਜੀਆਂ ਤਾਰਾ ਕੁਮਾਰੀ (22) ਅਤੇ ਚਾਂਦਨੀ ਕੁਮਾਰੀ (15) ਦੀ ਵੀ ਮੌਤ ਹੋ ਗਈ।