ਗਾਜ਼ੀਆਬਾਦ 'ਚ ਵਾਪਰੇ ਸੜਕ ਹਾਦਸੇ 'ਚ 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

ਗਾਜ਼ੀਆਬਾਦ, 11 ਜੁਲਾਈ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਵਾਪਰੇ ਸੜਕ ਹਾਦਸੇ 'ਚ 2 ਵਿਆਕਤੀਆਂ, 2 ਔਰਤਾਂ , 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਥਾਣਾ ਵਿਜੇ ਨਗਰ ਅਤੇ ਤਿਗੜੀ ਵਿਚਕਾਰ ਐਕਸਪ੍ਰੈਸ ਵੇਅ 'ਤੇ ਸਕੂਲ ਬੱਸ ਅਤੇ ਵੈਨ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਲੋਕਾਂ ਦੀ ਜਾਨ ਚਲੀ ਗਈ ਹੈ। ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਸਕੂਲ ਬੱਸ ਖਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦੇ ਗਲਤ ਸਾਈਡ 'ਤੇ ਆਉਣ ਕਾਰਨ ਵਾਪਰਿਆ। ਟੀਯੂਵੀ ਵੈਨ ਵਿੱਚ ਸਵਾਰ ਪਰਿਵਾਰ ਮੇਰਠ ਦਾ ਰਹਿਣ ਵਾਲਾ ਹੈ। ਵੈਨ ਵਿੱਚ ਸਵਾਰ ਪਰਿਵਾਰ ਖਾਟੂ ਸ਼ਿਆਮ ਜਾ ਰਿਹਾ ਸੀ। ਵੈਨ 'ਚ ਕੁੱਲ 08 ਲੋਕ ਸਵਾਰ ਸਨ, ਜਿਸ 'ਚ 06 ਲੋਕਾਂ ਦੀ ਮੌਤ ਹੋ ਗਈ ਜਦਕਿ 02 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੁਲਿਸ ਮੌਕੇ 'ਤੇ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ। ਹਾਦਸੇ ਦਾ ਕਾਰਨ ਉਲਟ ਦਿਸ਼ਾ ਤੋਂ ਆ ਰਿਹਾ ਵਾਹਨ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।