ਕਰਨਾਟਕ ਵਿਚ ਵਿਸਫੋਟਕ ਸਮੱਗਰੀ ਸਮੇਤ 5 ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ, ਬੈਂਗਲੁਰੂ 'ਚ ਧਮਾਕਾ ਕਰਨ ਦੀ ਸੀ ਯੋਜਨਾ  

ਬੈਂਗਲੁਰੂ, 19 ਜੁਲਾਈ : ਕੇਂਦਰੀ ਅਪਰਾਧ ਸ਼ਾਖਾ ਨੇ ਕਰਨਾਟਕ ਵਿਚ 5 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਸਈਦ ਸੁਹੇਲ, ਉਮਰ, ਜਾਨਿਦ, ਮੁਦਾਸਿਰ ਤੇ ਜ਼ਾਹਿਦ ਵਜੋਂ ਹੋਈ ਹੈ। ਇਸ ਦੇ ਨਾਲ ਹੀ ਸੀਸੀਬੀ ਨੇ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਵੀ ਜ਼ਬਤ ਕੀਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਅੱਤਵਾਦੀਆਂ ਨੇ ਬੈਂਗਲੁਰੂ 'ਚ ਧਮਾਕਾ ਕਰਨ ਦੀ ਯੋਜਨਾ ਬਣਾਈ ਸੀ। ਸੀਸੀਬੀ ਨੇ ਕਿਹਾ ਕਿ ਇਹ ਸਾਰੇ ਸਾਲ 2017 ਦੇ ਇਕ ਕਤਲ ਕੇਸ ਵਿਚ ਦੋਸ਼ੀ ਹਨ ਅਤੇ ਪਰਾਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਵਿਚ ਰਹਿੰਦੇ ਹੋਏ ਅੱਤਵਾਦੀਆਂ ਦੇ ਸੰਪਰਕ 'ਚ ਆਏ ਸਨ। ਕੇਂਦਰੀ ਅਪਰਾਧ ਸ਼ਾਖਾ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਸ਼ੱਕੀ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਸੀਸੀਬੀ ਨੇ ਦੱਸਿਆ ਕਿ ਫੜੇ ਗਏ ਸ਼ੱਕੀਆਂ ਕੋਲੋਂ ਚਾਰ ਵਾਕੀ-ਟਾਕੀਜ਼, ਸੱਤ ਦੇਸੀ ਪਿਸਤੌਲ, 42 ਜ਼ਿੰਦਾ ਗੋਲੀਆਂ, ਦੋ ਖੰਜਰ, ਦੋ ਸੈਟੇਲਾਈਟ ਫੋਨ ਅਤੇ ਚਾਰ ਗ੍ਰਨੇਡ ਬਰਾਮਦ ਕੀਤੇ ਗਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ 5 ਸ਼ੱਕੀ ਉਨ੍ਹਾਂ 21 ਵਿਅਕਤੀਆਂ ਵਿੱਚੋਂ ਸਨ ਜਿਨ੍ਹਾਂ ਨੂੰ ਪਿਛਲੇ ਦਿਨੀਂ ਇਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਸਟਰਮਾਈਂਡ ਫਿਲਹਾਲ ਫਰਾਰ ਹੈ ਅਤੇ ਸੈੱਲ ਫੋਨ ਰਾਹੀਂ ਸ਼ੱਕੀ ਵਿਅਕਤੀਆਂ ਦੇ ਸੰਪਰਕ ਵਿਚ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਲਤਾਨਪਾਲਿਆ ਖੇਤਰ ਦੇ ਕਨਕਨਗਰ ਸਥਿਤ ਇਕ ਪੂਜਾ ਸਥਾਨ ਨੇੜਿਓਂ ਵੱਡੀ ਸਾਜ਼ਿਸ਼ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਗੁਪਤ ਸੂਚਨਾ 'ਤੇ ਕਾਰਵਾਈ ਕਰਦਿਅਂ ਕੇਂਦਰੀ ਅਪਰਾਧ ਸ਼ਾਖਾ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਸੀਬੀ ਨੇ ਕਿਹਾ ਕਿ ਇਹ ਪੰਜੇ ਅੱਤਵਾਦੀ ਬੈਂਗਲੁਰੂ ਦੇ ਵੱਖ-ਵੱਖ ਇਲਾਕਿਆਂ ਦੇ ਨਿਵਾਸੀ ਸਨ ਅਤੇ ਸ਼ਹਿਰ ਵਿਚ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਅਤੇ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਵੀ ਖੁਲਾਸੇ ਹੋ ਸਕਦੇ ਹਨ, ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।