ਪੱਛਮ ਬਰਧਮਾਨ 'ਚ ਕੋਲਾ ਖਾਨ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਕਈ ਹੋਰਾਂ ਦੇ ਦੱਬੇ ਹੋਣ ਦਾ ਖਦਸ਼ਾ

ਬਰਧਮਾਨ, 13 ਅਕਤੂਬਰ : ਪੱਛਮੀ ਬੰਗਾਲ ਦੇ ਪੱਛਮ ਬਰਧਮਾਨ ਜ਼ਿਲ੍ਹੇ 'ਚ ਕੋਲੇ ਦੀ ਖਾਨ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਰਾਣੀਗੰਜ ਥਾਣਾ ਖੇਤਰ ਅਧੀਨ ਆਉਂਦੇ ਈਗਰਾ ਗ੍ਰਾਮ ਪੰਚਾਇਤ ਦੇ ਨਾਰਾਇਣਕੁਡੀ ਖੇਤਰ ਵਿਚ ਈਸਟਰਨ ਕੋਲਫੀਲਡਜ਼ ਲਿਮਟਿਡ (ਈਸੀਐੱਲ) ਖਾਨ ਵਿੱਚੋਂ ਕੋਲਾ ਗ਼ੈਰ-ਕਾਨੂੰਨੀ ਢੰਗ ਨਾਲ ਕੱਢਿਆ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਦਿਨੇਸ਼ ਰੂਈਦਾਸ (38), ਸੁਮੀਰ ਬੌਰੀ (17) ਅਤੇ ਸੁਰਜੀਤ ਸੇਨ (21) ਵਜੋਂ ਹੋਈ ਹੈ, ਜੋ ਆਸ-ਪਾਸ ਇਲਾਕੇ ਦੇ ਰਹਿਣ ਵਾਲੇ ਹਨ। ਇਰਫਾਨ ਅਹਿਮਦ ਅੰਸਾਰੀ, ਡਾਇਰੈਕਟਰ ਜਨਰਲ, ਮਾਈਨ ਸੇਫਟੀ ਜ਼ੋਨ 1, ਸੀਤਾਰਾਮਪੁਰ ਦੀ ਅਗਵਾਈ ਵਿਚ ਇੱਕ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਅਤੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, ਇਹ ਇਕ ਕਾਨੂੰਨੀ ਖਾਨ ਹੈ ਪਰ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਉਸ ਸਮੇਂ ਵਾਪਰੀ ਜਦੋਂ ਗੈਰ-ਕਾਨੂੰਨੀ ਢੰਗ ਨਾਲ ਕੋਲਾ ਕੱਢਿਆ ਜਾ ਰਿਹਾ ਸੀ। ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਚਾਅ ਕਾਰਜ ਵੀ ਜਾਰੀ ਹੈ।