ਪੰਚਕੂਲਾ 'ਚ ਝੁੱਗੀ 'ਤੇ ਪਹਾੜ ਦਾ ਮਲਬਾ ਡਿੱਗਣ ਕਾਰਨ 5 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ

ਪੰਚਕੂਲਾ, 10 ਜੁਲਾਈ : ਹਰਿਆਣਾ ਦੇ ਪੰਚਕੂਲਾ 'ਚ ਪਿੰਜੌਰ ਨੇੜੇ ਸ਼ਿਵ ਲੋਟੀਆ ਮੰਦਰ ਮਾਰਗ 'ਤੇ ਸੜਕ ਕਿਨਾਰੇ ਬਣੀ ਝੁੱਗੀ 'ਤੇ ਪਹਾੜ ਦਾ ਮਲਬਾ ਡਿੱਗਣ ਕਾਰਨ 5 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ। ਮ੍ਰਿਤਕਾਂ ਦੀ ਪਛਾਣ ਆਕਾਸ਼ (19), ਕਾਰਤਿਕ (7) ਅਤੇ ਪ੍ਰਿਅੰਕਾ (5) ਵਾਸੀ ਪਿੰਜੌਰ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੇ ਬਾਰਸ਼ ਦੌਰਾਨ ਝੁੱਗੀ ਵਿਚ ਸ਼ਰਨ ਲਈ ਸੀ। ਜਦੋਂ ਪਹਾੜ ਦਾ ਮਲਬਾ ਡਿੱਗਿਆ ਤਾਂ ਹਾਹਾਕਾਰ ਮੱਚ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਿਤੀ। ਇਸ ਮਗਰੋਂ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਸ ਤੋਂ ਬਾਅਦ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਇਆ ਗਿਆ। ਆਕਾਸ਼ ਅਤੇ ਕਾਰਤਿਕ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢ ਕੇ ਕਾਲਕਾ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਪ੍ਰਿਅੰਕਾ ਨੂੰ ਵੀ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰਖਵਾਇਆ ਹੈ।