ਬਹਾਦਰਗੜ੍ਹ ’ਚ ਅੰਗੀਠੀ ਕਾਰਨ ਦਮ ਘੁੱਟਣ ਕਰਕੇ 3 ਲੋਕਾਂ ਦੀ ਮੌਤ

ਝੱਜਰ, 27 ਦਸੰਬਰ : ਗੁਆਂਢੀ ਸੂਬੇ ਹਰਿਆਣਾ ਦੇ ਬਹਾਦਰਗੜ੍ਹ ’ਚ ਠੰਡ ਤੋਂ ਬਚਣ ਲਈ ਕਮਰੇ ’ਚ ਬਾਲੀ ਅੰਗੀਠੀ ਕਾਰਨ ਦਮ ਘੁੱਟਣ ਕਰਕੇ 3 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਹਾਦਰਗੜ੍ਹ ’ਚ ਇੱਕ ਟਾਇਰ ਫੈਕਟਰੀ ’ਚ ਕੰਮ ਕਰਦੇ ਮਰਨ ਵਾਲਿਆਂ ’ਚ 2 ਉਤਰਾਖੰਡ ਅਤੇ ਇੱਕ ਪੱਛਮੀ ਬੰਗਾਲ ਦਾ ਵਾਸੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੀ ਮੌਤ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਵੀਰਭੂਮੀ ਜ਼ਿਲੇ ਦਾ ਰਹਿਣ ਵਾਲਾ ਸੈਫਿਜ਼ੁਲ ਮੇਹਨਾ (41) ਪਿਛਲੇ 7 ਮਹੀਨਿਆਂ ਤੋਂ ਪਿੰਡ ਕਾਸਰ 'ਚ ਨਵੀਨ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ। ਕੁਝ ਦਿਨਾਂ ਤੋਂ ਉੱਤਰਾਖੰਡ ਦਾ ਰਹਿਣ ਵਾਲਾ ਮੁਨੇਸ਼ ਕੁਮਾਰ (42) ਅਤੇ ਉੱਤਰਾਖੰਡ ਦਾ ਰਹਿਣ ਵਾਲਾ ਕੱਲੂ ਵੀ ਉਨ੍ਹਾਂ ਦੇ ਨਾਲ ਕਮਰੇ 'ਚ ਰਹਿੰਦਾ ਸੀ। ਤਿੰਨੋਂ ਵਿਅਕਤੀ ਐਚਐਸਆਈਡੀਸੀ ਸੈਕਟਰ 16, ਬਹਾਦਰਗੜ੍ਹ ਵਿੱਚ ਸਥਿਤ ਯੋਕੋਹਾਮਾ ਟਾਇਰ ਕੰਪਨੀ ਵਿੱਚ ਕੰਮ ਕਰਦੇ ਸਨ। ਮੰਗਲਵਾਰ ਸਵੇਰੇ ਜਦੋਂ ਉਹ ਰੋਜ਼ਾਨਾ ਵਾਂਗ ਡਿਊਟੀ 'ਤੇ ਨਾ ਪਹੁੰਚੇ ਤਾਂ ਕੰਪਨੀ ਦੇ ਪ੍ਰੋਜੈਕਟ ਹੈੱਡ ਵਿਕਾਸ ਨੇ ਉਨ੍ਹਾਂ ਨੂੰ ਕਈ ਵਾਰ ਫ਼ੋਨ ਕੀਤੇ ਪਰ ਉਨ੍ਹਾਂ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਵਿਕਾਸ ਕਮਰੇ 'ਚ ਪਹੁੰਚਿਆ, ਕਾਫੀ ਖੜਕਾਉਣ 'ਤੇ ਵੀ ਜਦੋਂ ਕਮਰਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਖਿੜਕੀ 'ਚੋਂ ਦੇਖਿਆ ਤਾਂ ਉਹ ਬੇਹੋਸ਼ੀ ਦੀ ਹਾਲਤ 'ਚ ਪਏ ਸਨ।