ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 18,000 ਕਰੋੜ ਦੀ ਰਕਮ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ 

ਖੁੰਟੀ, 15 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਵਿੱਚ ਜਨਜਾਤੀ ਗੌਰਵ ਦਿਵਸ ਮਨਾਉਣ ਵਾਲੇ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 18,000 ਕਰੋੜ ਰੁਪਏ ਦੀ ਰਕਮ ਦੇਸ਼ ਭਰ ਦੇ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਡਿਜੀਟਲ ਰੂਪ ਵਿੱਚ ਟਰਾਂਸਫਰ ਕੀਤੀ ਗਈ। ਦੇਸ਼ ਭਰ ਦੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੀ ਖੇਤੀਬਾੜੀ ਭਲਾਈ ਯੋਜਨਾ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6,000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ।

ਇਹ ਚੈੱਕ ਕਰਨ ਦੇ ਕੁਝ ਤਰੀਕੇ ਹਨ ਕਿ ਕੀ ਰਕਮ ਬੈਂਕ ਖਾਤੇ ਵਿੱਚ ਕ੍ਰੈਡਿਟ ਕੀਤੀ ਗਈ ਹੈ:
ਇੱਕ ਵਾਰ ਖਾਤੇ ਵਿੱਚ ਰਕਮ ਜਮ੍ਹਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਇੱਕ ਸੁਨੇਹਾ ਪ੍ਰਾਪਤ ਹੋਵੇਗਾ। ਇਨ੍ਹਾਂ ਸੰਦੇਸ਼ਾਂ ਰਾਹੀਂ, ਤੁਸੀਂ ਇਹ ਵੀ ਟਰੈਕ ਕਰ ਸਕਦੇ ਹੋ ਕਿ ਕਿਹੜੀ ਕਿਸ਼ਤ ਦੀ ਰਕਮ ਕ੍ਰੈਡਿਟ ਕੀਤੀ ਗਈ ਹੈ। 

ਪਾਸਬੁੱਕ ਅੱਪਡੇਟ
ਜੇਕਰ ਕੋਈ ਕਿਸਾਨ ਭੁਗਤਾਨ ਦੀ ਪੁਸ਼ਟੀ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਹ ਆਪਣੇ ਬੈਂਕ ਖਾਤੇ ਵਿੱਚ ਨਵੀਨਤਮ ਲੈਣ-ਦੇਣ ਦੀ ਜਾਂਚ ਕਰਨ ਲਈ ਆਪਣੀ ਪਾਸਬੁੱਕ ਅੱਪਡੇਟ ਕਰਵਾ ਸਕਦੇ ਹਨ। ਇੱਕ ਕਿਸਾਨ ਆਪਣੇ ਨਜ਼ਦੀਕੀ ATM ਤੋਂ ਇੱਕ ਮਿੰਨੀ ਸਟੇਟਮੈਂਟ ਲੈ ਕੇ ਇਹ ਵੀ ਚੈੱਕ ਕਰ ਸਕਦਾ ਹੈ ਕਿ ਕੀ ਕਿਸ਼ਤ ਜਮ੍ਹਾ ਹੋਈ ਹੈ, ਜੋ ਖਾਤੇ ਵਿੱਚ ਹੋਏ ਪਿਛਲੇ ਦਸ ਲੈਣ-ਦੇਣ ਨੂੰ ਦਰਸਾਉਂਦਾ ਹੈ। ਕੋਈ ਵਿਅਕਤੀ ਆਪਣੇ ਬੈਂਕ ਨੂੰ ਸਿੱਧਾ ਇਹ ਜਾਣਨ ਲਈ ਕਾਲ ਕਰ ਸਕਦਾ ਹੈ ਕਿ ਕੀ ਕਿਸ਼ਤ ਖਾਤੇ ਵਿੱਚ ਜਮ੍ਹਾ ਹੋ ਗਈ ਹੈ।

ਆਦਿਵਾਸੀ ਸਮੂਹਾਂ ਦੇ ਵਿਕਾਸ ਲਈ 24,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਤੋਂ ਕਮਜ਼ੋਰ ਆਦਿਵਾਸੀ ਸਮੂਹਾਂ ਦੇ ਵਿਕਾਸ ਲਈ 24,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਮੋਦੀ ਨੇ ਆਦਿਵਾਸੀ ਗੌਰਵ ਦੇ ਪ੍ਰਤੀਕ ਬਿਰਸਾ ਮੁੰਡਾ ਦੀ ਜਯੰਤੀ ਅਤੇ ਤੀਜੇ ‘ਜਨਜਾਤੀ ਮਾਣ ਦਿਵਸ’ ਮੌਕੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਦੇ ਬਿਰਸਾ ਕਾਲਜ ਮੈਦਾਨ ਤੋਂ ‘ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ’ਤੇ ਕਮਜ਼ੋਰ ਜਨਜਾਤੀ ਸਮੂਹ’ (ਪੀ.ਐਮ.-ਪੀ.ਵੀ.ਟੀ.ਜੀ.) ਮਿਸ਼ਨ ਦੀ ਸ਼ੁਰੂਆਤ ਕੀਤੀ ਜਿਸ ਦੇ ਘੇਰੇ ’ਚ ਲਗਭਗ 28 ਲੱਖ ਪੀ.ਵੀ.ਟੀ.ਜੀ. ਆਉਣਗੇ।  ਅਧਿਕਾਰਤ ਬਿਆਨ ਅਨੁਸਾਰ, ਮਿਸ਼ਨ ਦੇ ਤਹਿਤ, ਪੀ.ਵੀ.ਟੀ.ਜੀ. ਇਲਾਕਿਆਂ ’ਚ ਸੜਕ ਅਤੇ ਦੂਰਸੰਚਾਰ ਕਨੈਕਟੀਵਿਟੀ, ਬਿਜਲੀ, ਸੁਰੱਖਿਅਤ ਰਿਹਾਇਸ਼, ਪੀਣ ਵਾਲਾ ਸਾਫ਼ ਪਾਣੀ ਅਤੇ ਸੈਨੀਟੇਸ਼ਨ, ਸਿੱਖਿਆ ਤਕ ਬਿਹਤਰ ਪਹੁੰਚ, ਸਿਹਤ ਅਤੇ ਪੋਸ਼ਣ ਅਤੇ ਟਿਕਾਊ ਜੀਵਿਕਾ ਦੇ ਮੌਕੇ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਝਾਰਖੰਡ ਨੂੰ 50,000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫ਼ਾ ਮਿਲਿਆ ਹੈ ਅਤੇ ਇਹ 100 ਫੀ ਸਦੀ ਰੇਲ ਬਿਜਲੀਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਦੇਸ਼ ਲਈ ਅਹਿਮ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਨੂੰ ਸਹੀ ਮਾਨਤਾ ਨਹੀਂ ਮਿਲੀ। ਆਦਿਵਾਸੀਆਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹਮੇਸ਼ਾ ਆਦਿਵਾਸੀ ਯੋਧਿਆਂ ਦਾ ਰਿਣੀ ਰਹੇਗਾ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਚਾਰ ਥੰਮ੍ਹ ਔਰਤਾਂ, ਕਿਸਾਨ, ਨੌਜਵਾਨ ਅਤੇ ਮੱਧ ਵਰਗ ਅਤੇ ਗਰੀਬਾਂ ਦੇ ਮਜ਼ਬੂਤੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਜੀਵਨ ਮਿਸ਼ਨ ਤਹਿਤ 70 ਫੀ ਸਦੀ ਆਬਾਦੀ ਨੂੰ ਕਵਰ ਕੀਤਾ ਗਿਆ ਹੈ, 100 ਫੀ ਸਦੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਚੁਕਾ ਹੈ ਅਤੇ 2014 ਤੋਂ ਬਾਅਦ ਪੂਰੀ ਤਰ੍ਹਾਂ ਐਲ.ਪੀ.ਜੀ. ਕਵਰੇਜ ਵੀ ਹੈ। ਮੋਦੀ ਦੋ ਦਿਨਾਂ ਝਾਰਖੰਡ ਦੌਰੇ ’ਤੇ ਹਨ। ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਰਾਂਚੀ ’ਚ 10 ਕਿਲੋਮੀਟਰ ਲੰਮਾ ਰੋਡ ਸ਼ੋਅ ਵੀ ਕੀਤਾ ਸੀ।