ਕਹਿਰ ਦੀ ਗਰਮੀ ਕਾਰਨ ਯੂਪੀ ਵਿਚ 103, ਬਿਹਾਰ ਵਿਚ 47 ਲੋਕਾਂ ਦੀ ਮੌਤ 

ਯੂਪੀ, 19 ਜੂਨ : ਉੱਤਰੀ ਭਾਰਤ ਦੇ ਸੂਬਿਆਂ ਵਿਚ ਗਰਮੀ ਅਤੇ ਲੂ ਜਾਨਲੇਵਾ ਬਣ ਰਹੀ ਹੈ। ਕਹਿਰ ਦੀ ਗਰਮੀ ਕਾਰਨ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿਚ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਯੂਪੀ ਅਤੇ ਬਿਹਾਰ ਵਿਚ ਮੌਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਯੂਪੀ ਵਿਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਬਿਹਾਰ ਵਿਚ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਓਡੀਸ਼ਾ 'ਚ ਗਰਮੀ ਕਾਰਨ 1 ਮੌਤ ਹੋ ਗਈ ਹੈ। ਰਿਪੋਰਟਾਂ ਦੇ ਅਨੁਸਾਰ ਓਡੀਸ਼ਾ ਵਿਚ ਗਰਮੀ ਦੀ ਲਹਿਰ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਜਿੱਥੇ ਲੋਕ ਹੀਟ ਸਟ੍ਰੋਕ ਨਾਲ ਮਰ ਰਹੇ ਹਨ, ਉਥੇ ਹੀ ਚੇਨਈ ਅਤੇ ਅਸਾਮ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ ਹੈ। ਦੂਜੇ ਪਾਸੇ ਰਾਜਸਥਾਨ 'ਚ ਚੱਕਰਵਾਤੀ ਤੂਫਾਨ ਬਿਪਰਜਯ ਦਾ ਅਸਰ ਦਿਖਾਈ ਦੇ ਰਿਹਾ ਹੈ, ਉੱਥੇ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਯੂਪੀ ਦੇ ਬਲੀਆ ਵਿਚ ਹੀ ਪਿਛਲੇ ਨੌਂ ਦਿਨਾਂ ਵਿਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ ਦੇਵਰੀਆ 'ਚ ਪਿਛਲੇ 24 ਘੰਟਿਆਂ 'ਚ 52 ਲੋਕਾਂ ਦੀ ਮੌਤ ਹੋ ਗਈ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਮੌਤ ਹੀਟ ਸਟ੍ਰੋਕ ਕਾਰਨ ਹੋਈ ਹੈ ਜਾਂ ਨਹੀਂ। ਆਈਐਮਡੀ ਅਨੁਸਾਰ ਅਗਲੇ ਦੋ ਦਿਨਾਂ ਤਕ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਗਰਮੀ ਦੀ ਲਹਿਰ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ 20 ਜੂਨ ਤੋਂ ਬਾਅਦ ਘਟ ਜਾਵੇਗੀ।