ਪਟਿਆਲਾ, 08 ਮਈ : ਥੈਲਾਸੀਮੀਆ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਦੇ ਥੈਲਾਸੀਮਕ ਵਾਰਡ ਵਿੱਚ ਮਨਾਏ ਗਏ ਵਿਸ਼ਵ ਥੈਲਾਸੀਮੀਆ ਦਿਵਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸ਼ਿਰਕਤ ਕਰਕੇ ਥੈਲਾਸੀਮਕ ਬੱਚਿਆਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਉਹਨਾਂ ਨਾਲ ਰਾਜਿੰਦਰਾ ਹਸਪਤਾਲ ਦੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅਰੁਣ ਮਹਾਜਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਪਾਹਵਾ, ਉਪ ਪ੍ਰਧਾਨ ਰਾਜੀਵ ਅਰੋੜਾ, ਸਕੱਤਰ ਤਿਰਲੋਕ ਸਿੰਘ, ਕੈਸ਼ੀਅਰ ਨਰੇਸ਼ ਕੁਮਾਰ, ਜੁਆਇੰਟ ਸਕੱਤਰ ਸਤੀਸ਼ ਕੁਮਾਰ ਵੀ ਹਾਜ਼ਰ ਸਨ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਜੋ ਕਿ ਪਿਛਲੇ 20 ਸਾਲਾ ਤੋਂ ਥੈਲਾਸੀਮੀਆ ਪੀੜਤ ਵਿਅਕਤੀਆਂ ਜਿਨ੍ਹਾਂ ਨੂੰ ਵਾਰ ਵਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਦੀ ਖ਼ੂਨ ਦੀ ਮੰਗ ਨੂੰ ਪੂਰਾ ਕਰਨ ਅਤੇ ਰਾਜਿੰਦਰਾ ਹਸਪਤਾਲ ਦੇ ਵਾਰਡ ਵਿੱਚ ਪੀੜਤ ਵਿਅਕਤੀਆਂ ਦੇ ਖ਼ੂਨ ਚੜ੍ਹਵਾਉਣ ਅਤੇ ਮੁਫ਼ਤ ਦਵਾਈਆਂ ਦਿਵਾਉਣ ਵਿੱਚ ਹਰ ਸੰਭਵ ਮਦਦ ਕਰ ਰਹੀ ਹੈ, ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ। ਉਹਨਾਂ ਕਿਹਾ ਕਿ ਥੈਲਾਸੀਮੀਆ ਇੱਕ ਜਿਨਸੀ ਰੋਗ ਹੈ। ਇਸ ਨਾਲ ਨਵ ਜੰਮੇਂ ਬੱਚੇ ਵਿੱਚ ਖ਼ੂਨ ਬਣਨ ਦੀ ਸ਼ਕਤੀ ਘੱਟ ਹਾਂ ਖਤਮ ਹੋ ਜਾਂਦੀ ਹੈ, ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਇਹ ਬਿਮਾਰੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਤੋਂ ਪੀੜ੍ਹੀ ਦਰ ਪੀੜ੍ਹੀ ਹੋਣ ਵਾਲਾ ਰੋਗ ਹੈ ਅਤੇ ਜਾਗਰੂਕਤਾ ਦੀ ਘਾਟ ਕਾਰਨ ਹੀ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ, ਚਿਹਰੇ ਦੀ ਬਨਾਵਟ ਵਿੱਚ ਬਦਲਾਅ, ਗਾੜ੍ਹਾ ਪਿਸ਼ਾਬ ਆਉਣਾ, ਚਮੜੀ ਦਾ ਪੀਲਾ ਹੋਣਾ, ਜਿਗਰ ਤੇ ਤਿੱਲੀ ਦਾ ਵਧਣਾ ਇਸ ਦੇ ਪ੍ਰਮੁੱਖ ਲੱਛਣ ਹਨ। ਉਪਰੋਕਤ ਲੱਛਣ ਪਾਏ ਜਾਣ ਤੇ ਥੈਲਾਸੀਮੀਆ ਦੀ ਜਾਂਚ ਲਈ ਖ਼ੂਨ ਦੇ ਟੈਸਟ ਜ਼ਰੂਰ ਕਰਵਾਏ ਜਾਣ। ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾ ਵਿੱਚ ਥੈਲਾਸੀਮੀਆ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਆਉਣ ਵਾਲੀ ਪੀੜੀ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਗਰਭਵਤੀ ਔਰਤਾਂ ਨੂੰ ਖਾਸ ਤੋਰ ਤੇ ਪਹਿਲੀ ਤਿਮਾਹੀ, ਵਿਆਹ ਯੋਗ ਅਤੇ ਵਿਆਹੀ ਜੌੜੀ ਨੂੰ ਥੈਲਾਸੀਮੀਆ ਦਾ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਸੰਸਥਾ ਦੇ ਉਪ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਜੋ ਕਿ ਸਾਲ 2000 ਵਿੱਚ ਹੋਂਦ ਵਿੱਚ ਆਈ ਸੀ, ਉਸ ਸਮੇਂ ਕੇਵਲ 25 ਥੈਲਾਸੀਮੀਆ ਦੇ ਬੱਚੇ ਰਜਿਸਟਰਡ ਸਨ। ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 260 ਦੇ ਕਰੀਬ ਹੋ ਗਈ ਹੈ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਪੀੜਤ ਬੱਚਿਆ ਦੀ ਰਜਿਸਟਰੇਸ਼ਨ ਲਈ ਇੱਕ ਸਾਫ਼ਟਵੇਅਰ ਵੀ ਬਣਾਇਆ ਗਿਆ ਹੈ ਜਿਸ ਵਿੱਚ ਥੈਲਾਸੀਮਕ ਬੱਚੇ ਦਾ ਬਿਮਾਰੀ ਅਤੇ ਇਲਾਜ ਨਾਲ ਸਬੰਧਿਤ ਹਰ ਤਰਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਮੌਕੇ ਥੈਲਾਸੀਮਕ ਵਾਰਡ ਵਿੱਚ ਪਹੁੰਚ ਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜ ਸਿੰਗਲਾ ਅਤੇ ਮੈਡੀਕਲ ਸੁਪਰਡੈਂਟ ਡਾ.ਐਚ.ਐਸ.ਰੇਖੀ ਵੱਲੋਂ ਵੀ ਥੈਲਾਸੀਮਕ ਬੱਚਿਆਂ ਦਾ ਹਾਲਚਾਲ ਪੁੱਛਿਆ ਅਤੇ ਸੋਸਾਇਟੀ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ।