- ਪਹਿਲੀ ਵਾਰ ਕਿਸਾਨਾਂ ਨੇ ਨਰਮੇ ਦੀ ਅਗੇਤੀ ਬਿਜਾਈ ਕੀਤੀ
- ਫਾਜਿ਼ਲਕਾ ਜਿ਼ਲ੍ਹੇ ਵਿਚ 78 ਫੀਸਦੀ ਬਿਜਾਈ ਦਾ ਟੀਚਾ ਹੋਇਆ ਪੂਰਾ, ਪੰਜਾਬ ਚੋ ਮੋਹਰੀ ਹੋ ਨਿਬੜਿਆ ਫਾਜਿ਼ਲਕਾ
ਫਾਜਿ਼ਲਕਾ, 19 ਮਈ : ਕਿਸਾਨਾਂ ਦਾ ਚਿੱਟਾ ਸੋਨਾ, ਨਰਮਾ ਇਸ ਵਾਰ ਕਈ ਸਾਲਾਂ ਬਾਅਦ ਕਿਸਾਨਾਂ ਦੇ ਦਿਨ ਫੇਰਨ ਲਈ ਤਿਆਰ ਹੈ। ਅਤੇ ਅਜਿਹਾ ਸੰਭਵ ਹੋਇਆ ਹੈ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹਈਆ ਕਰਵਾਉਣ ਨਾਲ। ਇਸੇ ਦਾ ਹੀ ਨਤੀਜਾ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ 81725 ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਪੂਰੀ ਹੋ ਚੁੱਕੀ ਹੈ ਜ਼ੋ ਕਿ ਇਸ ਸਾਲ ਦੇ ਨਰਮੇ ਦੀ ਬਿਜਾਈ ਲਈ ਨਿਰਧਾਰਤ ਟੀਚੇ ਦਾ ਲਗਭਗ 78 ਫੀਸਦੀ ਬਣਦਾ ਹੈ। ਪਿੱਛਲੇ ਕੁਝ ਸਾਲਾਂ ਤੋਂ ਨਰਮੇ ਦੀ ਫਸਲ ਨੂੰ ਵੱਖ ਵੱਖ ਅਲਾਮਤਾਂ ਲੱਗ ਰਹੀਆਂ ਸਨ ਤੇ ਕਿਸਾਨਾਂ ਦੀ ਇਹ ਨਗਦੀ ਫਸਲ ਵੱਖ ਵੱਖ ਕੀੜਿਆਂ ਦਾ ਸਿਕਾਰ ਹੋ ਕਿਸਾਨਾਂ ਲਈ ਘਾਟੇ ਦਾ ਸੌਦਾ ਸਿੱਧ ਹੋ ਰਹੀ ਸੀ।ਜੇ ਕਿਸਾਨਾਂ ਦੀ ਮੰਨੀਏ ਤਾਂ ਨਰਮੇ ਦੀ ਫਸਲ ਦੇ ਫੇਲ੍ਹ ਹੋਣ ਦਾ ਪਿੱਛਲੇ ਸਾਲਾਂ ਦੌਰਾਨ ਮੁੱਖ ਕਾਰਨ ਨਰਮੇ ਦੀ ਬਿਜਾਈ ਪਿੱਛੜ ਜਾਣਾ ਰਿਹਾ ਸੀ।ਪਰ ਇਸ ਵਾਰ ਨਰਮੇ ਦੇ ਭਾਗ ਖੁੱਲਣ ਦੀ ਆਸ ਜਾਗੀ ਹੈ ਅਤੇ ਪੰਜਾਬ ਦੀ ਇਹ ਰਵਾਇਤੀ ਫਸਲ ਇਸ ਸਾਲ ਮਲਵਈ ਕਿਸਾਨਾਂ ਦੀ ਤਿਜੌਰੀ ਭਰਨ ਲਈ ਪੁੰਗਰਨ ਲੱਗੀ ਹੈ। ਖੇਤੀ ਮਾਹਿਰ ਆਖਦੇ ਹਨ ਕਿ ਜ਼ੇਕਰ ਨਰਮੇ ਦੀ ਬਿਜਾਈ ਅਗੇਤੀ ਹੋ ਜਾਵੇ ਤਾਂ ਸ਼ੁਰੂਆਤੀ ਅਵਸਥਾ ਵਿਚ ਫਸਲ ਚੰਗਾ ਵਾਧਾ ਕਰ ਲੈਂਦੀ ਹੈ ਤਾਂ ਇਹ ਸਿਹਤਮੰਦ ਪੌਦੇ ਫਿਰ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਟਾਕਰਾ ਸਹਿਜਤਾ ਨਾਲ ਕਰ ਲੈਂਦੇ ਹਨ। ਅਤੇ ਦੂਜ਼ੇ ਪਾਸੇ ਜ਼ੇਕਰ ਬਿਜਾਈ ਪਿੱਛੜ ਜਾਵੇ ਤਾਂ ਹਾਲੇ ਪੌਦੇ ਆਪਣਾ ਮੁੱਢਲਾ ਵਿਕਾਸ ਵੀ ਕਰ ਨਹੀਂ ਪਾਏ ਹੁੰਦੇ ਕਿ ਚਿੱਟੀ ਮੱਖੀ ਦਾ ਹੱਲਾ ਫਸਲ ਨੂੰ ਨੱਪ ਲਂੈਦਾ ਹੈ। ਨਰਮੇ ਦੀ ਬਿਜਾਈ ਸਮੇਂ ਸਿਰ ਹੋ ਜਾਵੇ ਇਸ ਲਈ ਮੁੱਢਲੀ ਲੋੜ ਨਹਿਰੀ ਪਾਣੀ ਹੁੰਦਾ ਹੈ। ਨਰਮਾ ਖਾਸ ਕਰਕੇ ਉਨ੍ਹਾਂ ਖੇਤਰਾਂ ਵਿਚ ਹੁੰਦਾ ਹੈ ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਹੈ। ਫਾਜਿ਼ਲਕਾ ਜਿ਼ਲ੍ਹੇ ਦਾ ਵੱਡਾ ਹਿੱਸਾ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ, ਜਿੱਥੇ ਖੇਤੀ ਪੂਰੀ ਤਰਾਂ ਨਹਿਰੀ ਪਾਣੀ ਦੀ ਸਪਲਾਈ ਤੇ ਮੁਨਸਰ ਕਰਦੀ ਹੈ।ਇਸ ਜਿ਼ਲ੍ਹੇ ਦੇ ਖੂਈਆਂ ਸਰਵਰ, ਅਬੋਹਰ ਤੇ ਫਾਜਿ਼ਲਕਾ ਬਲਾਕ ਵਿਚ ਮੁੱਖ ਤੌਰ ਤੇ ਜਦ ਕਿ ਜਲਾਲਾਬਾਦ ਬਲਾਕ ਦੇ ਇਕ ਹਿੱਸੇ ਵਿਚ ਨਰਮੇ ਦੀ ਕਾਸਤ ਹੁੰਦੀ ਹੈ। ਨਹਿਰਾਂ ਜਿਸ ਇਲਾਕੇ ਵਿਚੋਂ ਲੰਘ ਕੇ ਆਉਂਦੀਆਂ ਹਨ ਉਥੇ ਝੋਨਾ ਹੁੰਦਾ ਹੈ ਅਤੇ ੳਨ੍ਹਾਂ ਇਲਾਕਿਆਂ ਦੀ ਪਾਣੀ ਦੀ ਜਰੂਰਤ ਅੱਧ ਜ਼ੂਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦ ਕਿ ਨਰਮੇ ਲਈ ਪਾਣੀ ਦੀ ਜਰੂਰਤ ਅਪ੍ਰੈਲ ਦੇ ਪਹਿਲੇ ਅੱਧ ਤੋਂ ਹੁੰਦੀ ਹੈ। ਪਿੱਛਲੇ ਸਮਿਆਂ ਵਿਚ ਇਸੇ ਵਖਰੇਵੇਂ ਦੀ ਮਾਰ ਨਰਮਾ ਪੱਟੀ ਦੇ ਕਿਸਾਨ ਝਲਦੇ ਸੀ ਅਤੇ ਉਨ੍ਹਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਪਾਣੀ ਨਹੀਂ ਸੀ ਮਿਲਦਾ। ਦਾਨੇਵਾਲਾ ਦਾ ਕਿਸਾਨ ਸੋਹਨ ਸਿੰਘ ਆਖਦਾ ਹੈ ਕਿ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਨੇ ਕਿਸਾਨਾਂ ਨਾਲ ਮਿਲਣੀ ਕਰਕੇ ਉਨ੍ਹਾਂ ਤੋਂ ਪੁੱਛਿਆ ਕਿ ਪਾਣੀ ਦੀ ਕਦੋਂ ਜਰੂਰਤ ਹੈ ਅਤੇ ਫਿਰ ਸਾਡੀ ਮੰਗ ਤੇ ਅਪ੍ਰੈਲ ਦੇ ਪਹਿਲੇ ਅੱਧ ਤੋਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਅਤੇ ਹੁਣ ਤੱਕ ਸਾਰੀਆਂ ਨਹਿਰਾਂ ਵਿਚ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਇਸ ਇਲਾਕੇ ਦੇ ਕਿਨੂੰ ਬਾਗਾਂ ਲਈ ਵੀ ਪਾਣੀ ਮਿਲ ਸਕਿਆ ਤੇ ਨਾਲ ਦੀ ਨਾਲ ਕਿਸਾਨ ਨਰਮੇ ਦੀ ਬਿਜਾਈ ਵੀ ਸ਼ੁਰੂ ਕਰ ਸਕੇ। ਇਸੇ ਪਿੰਡ ਦੇ ਨੌਜਵਾਨ ਕਿਸਾਨ ਗੁਰਜੀਤ ਸਿੰਘ ਤੇ ਗੁਰਭੇਜ਼ ਸਿੰਘ ਆਖਦੇ ਹਨ ਕਿ ਅਗੇਤੀ ਬਿਜਾਈ ਨਾਲ ਨਰਮੇ ਦੀ ਭਰਪੂਰ ਫਸਲ ਹੋਣ ਦੀ ਆਸ ਆਮ ਹਾਲਾਤਾਂ ਨਾਲੋਂ ਦੁੱਗਣੀ ਹੋ ਜਾਂਦੀ ਹੈ ਅਤੇ ਅਗੇਤੀ ਬਿਜਾਈ ਲਈ ਪਾਣੀ ਮੁੱਖ ਲੋੜ ਸੀ। ਪਿੰਡ ਅੱਚਾੜਿਕੀ ਜ਼ੋ ਕਿ ਮਲੂਕਪੁਰਾ ਨਹਿਰ ਦੀ ਬਿਲਕੁੱਲ ਟੇਲ ਤੇ ਰਾਜਸਥਾਨ ਦੀ ਹੱਦ ਨਾਲ ਲੱਗਦਾ ਫਾਜਿ਼ਲਕਾ ਜਿ਼ਲ੍ਹੇ ਦਾ ਪਿੰਡ ਹੈ। ਇਸ ਪਿੰਡ ਦੇ ਕਿਸਾਨ ਜਗਜੀਤ ਸਿੰਘ ਨੇ ਨਰਮੇ ਦੀ ਬਿਜਾਈ ਕਰ ਵੀ ਲਈ ਹੈ। ਉਹ ਆਖਦਾ ਹੈ ਕਿ ਚਿੱਟੀ ਮੱਖੀ ਦਾ ਹਮਲਾ ਅੱਧ ਜ਼ੂਨ ਜਾਂ ਜ਼ੁਲਾਈ ਵਿਚ ਜਾ ਕੇ ਸ਼ੁਰੂ ਹੁੰਦਾ ਹੈ ਅਤੇ ਤਦ ਤੱਕ ਹੁਣ ਦੀ ਬਿਜੀ ਫਸਲ ਗੋਢੇ ਗੋਢੇ ਕੱਦ ਕਰ ਜਾਵੇਗੀ ਜ਼ੋ ਫਿਰ ਚਿੱਟੀ ਮੱਖੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇਗੀ।ਉਸਦੇ ਅਨੁਸਾਰ ਲੰਬੇ ਸਮੇਂ ਬਾਅਦ ਟੇਲ ਲਗਾਤਾਰ ਪੂਰੀ ਚੱਲ ਰਹੀ ਹੈ।ਉਸਦੇ ਅਨੁਸਾਰ ਜਿਆਦਾ ਪਾਣੀ ਆਉਣ ਕਾਰਨ ਜਾਂ ਮੀਂਹ ਝੱਖੜ ਕਾਰਨ ਤਾਂ ਬੇਸਕ ਨਹਿਰ ਇਕ ਵਾਰ ਟੁੱਟ ਗਈ ਪਰ ਸਰਕਾਰ ਨੇ ਆਪਣੇ ਵੱਲੋਂ ਇਸ ਵਾਰ ਕੋਈ ਬੰਦੀ ਨਹੀਂ ਕੀਤੀ। ਪਿੰਡ ਧਰਾਂਗਵਾਲਾ ਦੇ ਨੌਜਵਾਨ ਤੇ ਪ੍ਰਗਤੀਸ਼ੀਲ ਕਿਸਾਨ ਮਨਜੀਤ ਸਿੰਘ ਜ਼ੋ ਇਸ ਵਾਰ ਸਮੇਂ ਸਿਰ ਨਰਮੇ ਦੀ ਬਿਜਾਈ ਕਰ ਸਕਿਆ ਹੈ ਨੇ ਕਿਹਾ ਕਿ ਫਸਲ ਦੀ ਅਗੇਤ ਦਾ ਤਾਂ ਹਮੇਸਾ ਹੀ ਲਾਭ ਰਹਿੰਦਾ ਹੈ।ਉਸਦੇ ਅਨੁਸਾਰ ਇਸ ਵਾਰ ਸਰਕਾਰ ਨੇ ਸਮੇਂ ਸਿਰ ਨਰਮੇ ਲਈ ਪਾਣੀ ਦਿੱਤਾ ਹੈ ਤਾਂਹੀ ਉਸਨੇ ਇਸ ਵਾਰ ਜਿਆਦਾ ਨਰਮਾ ਬੀਜਿਆ ਹੈ ਅਤੇ ਝੋਨੇ ਹੇਠ ਰਕਬਾ ਘਟਾਏਗਾ। ਪਿੰਡ ਦੌਲਤ ਪੁਰਾ ਦੇ ਕਿਸਾਨ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਅਗੇਤੇ ਪਾਣੀ ਦੀ ਸਪਲਾਈ ਹੋਣ ਨਾਲ ਕਿਨੂੰ ਦੇ ਬਾਗਾਂ ਨੂੰ ਬਹੁਤ ਲਾਭ ਹੋਇਆ ਹੈ ਕਿਉਂਕਿ ਪਿੱਛਲੇ ਸਾਲ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਕਿਸਾਨਾਂ ਨੇ ਬਾਗ ਨੂੰ ਵੀ ਪਾਣੀ ਦੇ ਲਿਆ ਤੇ ਨਾਲ ਦੀ ਨਾਲ ਨਰਮੇ ਦੀ ਬਿਜਾਈ ਵੀ ਸਮੇਂ ਸਿਰ ਹੋ ਗਈ। ਜਿਕਰਯੋਗ ਹੈ ਕਿ ਇਸ ਸਾਲ ਨਰਮੇ ਲਈ ਕਿਸਾਨਾਂ ਨੂੰ ਸਮੇਂ ਸਿਰ ਅਤੇ ਅਗੇਤਾ ਪਾਣੀ ਮਿਲਿਆ ਹੈ ਅਤੇ ਇਸ ਲਈ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਹਨ । ਪਿੰਡ ਡੰਗਰ ਖੇੜਾ ਦੇ ਕਿਸਾਨ ਖਜਾਨ ਚੰਦ ਅਨੁਸਾਰ 15 ਏਕੜ ਨਰਮੇ ਦੀ ਬਿਜਾਈ ਕਰ ਲਈ ਹੈ ਅਤੇ ਕਣਕ ਤੋਂ ਖੇਤ ਖਾਲੀ ਹੁੰਦੇ ਹੀ ਪਾਣੀ ਮਿਲ ਜਾਣ ਨਾਲ ਇਹ ਸੰਭਵ ਹੋਇਆ ਹੈ। ਉਮਰ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂਂ ਕਿਹਾ ਕਿ ਅਗੇਤ ਨੂੰ ਪਛੇਤ ਕਦੇ ਨਹੀਂ ਰਲਦੀ ਅਤੇ ਸਮੇਂ ਸਿਰ ਬੀਜੀ ਫਸਲ ਨੂੰ ਭਰਪੂਰ ਟੀਂਡੇ ਲੱਗਣਗੇ।
ਬਾਕਸ ਲਈ ਪ੍ਰਸਤਾਵਿਤ
ਨਰਮੇ ਦੀ ਬਿਜਾਈ ਵਿਚ ਫਾਜਿ਼ਲਕਾ ਜਿ਼ਲ੍ਹਾ ਹੈ ਮੋਹਰੀ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੱਸਦੇ ਹਨ ਕਿ ਪਿੱਛਲੇ ਸਾਲ 96 ਹਜਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਜਦ ਕਿ ਇਸ ਸਾਲ 1 ਲੱਖ 5 ਹਜਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਹੈ। ਪਰ ਸਮੇਂ ਸਿਰ ਮਿਲੇ ਪਾਣੀ ਦਾ ਹੀ ਨਤੀਜਾ ਹੈ ਕਿ ਕਿਸਾਨ 78 ਫੀਸਦੀ ਹਿੱਸੇ ਵਿਚ ਬਿਜਾਈ ਪੂਰੀ ਕਰ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਟੀਚਾ ਪੂਰਾ ਹੋਣ ਦੀ ਆਸ ਹੈ। ਨਰਮੇ ਦੀ ਬਿਜਾਈ ਫਿਰ ਫਾਜਿ਼ਲਕਾ ਜਿ਼ਲ੍ਹਾ ਇਸ ਸਮੇਂ ਬਾਕੀ ਜਿ਼ਲਿ੍ਹਆਂ ਦੇ ਮੁਕਾਬਲੇ ਸਭ ਤੋਂ ਮੋਹਰੀ ਚੱਲ ਰਿਹਾ ਹੈ।ਇਸ ਤਰਾਂ ਨਰਮੇ ਹੇਠ ਰਕਬਾ ਵੱਧਣ ਨਾਲ ਝੋਨੇ ਹੇਠੋਂ ਰਕਬਾ ਘੱਟਣ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ।
ਬਲਾਕ ਵਾਰ ਫਾਜਿ਼ਲਕਾ ਜਿ਼ਲ੍ਹੇ ਵਿਚ ਨਰਮੇ ਹੇਠ ਨਿਮਨ ਅਨੁਸਾਰ ਬਿਜਾਈ ਹੋ ਚੁੱਕੀ ਹੈ
ਬਲਾਕ ਅਬੋਹਰ 38704 ਹੈਕਟੇਅਰ
ਬਲਾਕ ਖੂਈਆਂ ਸਰਵਰ 29170 ਹੈਕਟੇਅਰ
ਬਲਾਕ ਫਾਜਿ਼ਲਕਾ 13112 ਹੈਕਟੇਅਰ
ਬਲਾਕ ਜਲਾਲਾਬਾਦ 748 ਹੈਕਟੇਅਰ
ਬਾਕਸ ਲਈ ਪ੍ਰਸਤਾਵਿਤ
ਨਰਮੇ ਦੇ ਬੀਜ ਤੇ ਸਬਸਿਡੀ ਵੀ ਕਿਸਾਨਾਂ ਲਈ ਸਿੱਧ ਹੋਈ ਵਰਦਾਨ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਕਣਕ ਝੋਨੇ ਤੋਂ ਬਦਲਵੀਆਂ ਫਸਲਾਂ ਨੂੰ ਉਤਸਾਹਿਤ ਕਰਨ ਲਈ ਅਪਨਾਈ ਜਾ ਰਹੀ ਨੀਤੀ ਤਹਿਤ ਸੂਬਾ ਸਰਕਾਰ ਨੇ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਦੀ ਸਬਸਿਡੀ ਦਿੱਤੀ ਹੈ। ਪਿੰਡ ਸ਼ੇਰਗੜ੍ਹ ਦੇ ਟੀਕੂ ਰਾਮ ਅਨੁਸਾਰ ਬੀਟੀ ਬੀਜ ਬਹੁਤ ਮਹਿੰਗੇ ਸਨ ਅਤੇ ਨਰਮੇ ਦੀ ਫਸਲ ਦੀ ਲਾਗਤ ਦਾ ਇਕ ਮਹੱਤਵਪੂਰਨ ਹਿੱਸਾ ਬੀਜ ਤੇ ਹੀ ਖਰਚ ਹੋ ਜਾਂਦਾ ਸੀ। ਪਰ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਆਨਲਾਈਨ ਪੋਰਟਲ ਤੇ ਹੀ ਅਰਜੀਆਂ ਲੈ ਕੇ ਸਬਸਿਡੀ ਦੇਣ ਦੇ ਕੀਤੇ ਐਲਾਨ ਨਾਲ ਨਰਮਾ ਉਤਪਾਦਕਾਂ ਨੂੰ ਵੱਡੀ ਰਾਹਤ ਮਿਲੇਗੀ। ਜਿ਼ਲ੍ਹਾ ਖੇਤੀਬਾੜੀ ਅਫ਼ਸਰ ਸ: ਜੰਗੀਰ ਸਿੰਘ ਅਨੁਸਾਰ ਕਿਸਾਨhttps://agrimachinerypb.com/ ਪੋਰਟਲ ਤੇ ਆਨਲਾਈਨ ਸਬਸਿਡੀ ਲਈ ਅਪਲਾਈ ਕਰ ਰਹੇ ਹਨ। ਇਸ ਲਈ ਸਰਕਾਰ ਨੇ ਆਖਰੀ ਮਿਤੀ ਵੀ 15 ਮਈ ਤੋਂ ਵਧਾ ਕੇ 31 ਮਈ ਕਰ ਦਿੱਤੀ ਹੈ।
ਬਾਕਸ ਲਈ ਪ੍ਰਸਤਾਵਿਤ
ਨਰਮੇ ਦੀ ਫਸਲ ਪੈਦਾ ਕਰਦੀ ਹੈ ਸਭ ਤੋਂ ਵੱਧ ਰੋਜਗਾਰ ਦੇ ਮੌਕੇ
ਨਰਮੇ ਦੀ ਫਸਲ ਜਿੱਥੇ ਕਿਸਾਨਾਂ ਲਈ ਲਾਭਕਾਰੀ ਸਿੱਧ ਹੁੰਦੀ ਹੈ ਉਥੇ ਹੀ ਇਸ ਨਾਲ ਸਥਾਨਕ ਰੂੰ ਫੈਕਟਰੀਆਂ ਰਾਹੀਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਣ ਦੇ ਨਾਲ ਨਾਲ ਇਸ ਨਾਲ ਖੇਤ ਮਜਦੂਰਾਂ ਲਈ ਵੀ ਰੋਜਗਾਰ ਦੇ ਸਭ ਤੋਂ ਵੱਧ ਮੌਕੇ ਪੈਦਾ ਹੁੰਦੇ ਹਨ। ਇਹ ਫਸਲ ਸਿਰਫ ਕਿਸਾਨ ਦੀ ਜ਼ੇਬ ਹੀ ਨਹੀਂ ਭਰਦੀ ਬਲਕਿ ਮਜਦੂਰਾਂ ਦੇ ਚੁੱਲ੍ਹੇ ਵੀ ਇਹ ਫਸਲ ਬਾਲਦੀ ਹੈ। ਨਰਮੇ ਵਿਚ ਹੱਥ ਨਾਲ ਨਦੀਨ ਕੱਢਣੇ ਅਤੇ ਚੁਗਾਈ ਵਰਗੇ ਕੰਮ ਪੂਰੀ ਤਰਾਂ ਨਾਲ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਹਨ ਜਿਸ ਨਾਲ ਵੱਡੀ ਮਾਤਰਾ ਵਿਚ ਲੋਕਾਂ ਨੂੰ ਰੋਜਗਾਰ ਮਿਲਦਾ ਹੈ।