ਬਰਨਾਲਾ, 24 ਨਵੰਬਰ : ਪਿੰਡ ਰਾਮਗੜ੍ਹ, ਖੁੱਡੀ ਕਲਾਂ ਅਤੇ ਦੀਵਾਨਾ ਵਿਖੇ ਸਥਿਤ ਵੈੱਲਨੈਸ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਣਾ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਸਕਣ। ਇਹ ਜਾਣਕਾਰੀ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਉੱਤੇ 10 ਲੱਖ ਰੁਪਏ ਪ੍ਰਤੀ ਕੇਂਦਰ ਦੇ ਹਿਸਾਬ ਨਾਲ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ ਇਮਾਰਤਾਂ ‘ਚ ਵਾਧਾ ਅਤੇ ਜ਼ਰੂਰੀ ਬਦਲਾਅ ਕੀਤੇ ਜਾਣਗੇ ਤਾਂ ਜੋ ਮਰੀਜ਼ਾਂ ਨੂੰ ਹੋਰ ਵਧੇਰੀ ਸੁਵਿਧਾਵਾਂ ਦਿੱਤੀਆ ਜਾਣ। ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਵੱਲੋਂ ਇੰਟੈਗਰੇਟਿਡ ਪਬਲਿਕ ਹੈਲਥ ਲੈਬ ਬਣਾਈ ਜਾਣੀ ਹੈ। ਇਸ ਲੈਬੋਰੇਟਰੀ ਵਿਖੇ ਸਰਕਾਰ ਵੱਲੋਂ ਹਰ ਤਰੀਕੇ ਦੀ ਸਿਹਤ ਟੈਸਟਾਂ ਦੀ ਸੁਵਿਧਾ ਦਿੱਤੀ ਜਾਵੇਗੀ ਜਿਸ ਲਈ ਵੱਖ ਵੱਖ ਤਰ੍ਹਾਂ ਦੇ ਕਮਰੇ ਬਣਾਏ ਜਾ ਰਹੇ ਹਨ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਤਵੰਤ ਸਿੰਘ, ਐਕਸੀਅਨ ਬੀ. ਐਂਡ ਆਰ. ਸ੍ਰੀ ਦਵਿੰਦਰ ਪਾਲ ਸਿੰਘ, ਐਕਸੀਅਨ ਪੰਚਾਇਤੀ ਰਾਜ ਸ੍ਰੀ ਮੰਜੀਤ ਸਿੰਘ ਸ਼ੇਰਗਿੱਲ, ਐੱਸ. ਡੀ. ਓ. ਮੰਡੀ ਬੋਰਡ ਸ੍ਰੀ ਕੁਲਦੀਪ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।