ਖੰਨਾ, 10 ਫਰਵਰੀ : ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਲੁਧਿਆਣਾ ਦੇ ਖੰਨਾ 'ਚ ਆਯੋਜਿਤ ਮਹਾਰੈਲੀ 'ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ। 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਆਪ' ਪੰਜਾਬ 'ਚ ਇਕੱਲਿਆਂ ਹੀ ਚੋਣਾਂ ਲੜੇਗੀ। ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇੱਕ ਸੀਟ ਹੈ। ਆਉਣ ਵਾਲੇ 14-15 ਦਿਨਾਂ ਵਿੱਚ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ। ਉੱਪਰੋਂ ਰਾਸ਼ਨ ਆਇਆ, ਪਰ ਲੋਕਾਂ ਤੱਕ ਨਹੀਂ ਪਹੁੰਚਿਆ। ਮੰਤਰੀਆਂ, ਨੇਤਾਵਾਂ, ਸਰਕਾਰੀ ਅਫ਼ਸਰਾਂ ਨੇ ਇਹ ਰਾਸ਼ਣ ਖਾਦਾ ਹੈ। ਅਜਿਹਾ ਨਹੀਂ ਸੀ ਕਿ ਇਸ ਚੋਰੀ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਇਰਾਦਾ ਨਹੀਂ ਸੀ। ਹੁਣ ਇਮਾਨਦਾਰ ਸਰਕਾਰ ਆਈ ਹੈ।