ਖਨੌਰੀ, 4 ਫਰਵਰੀ : ਖਨੌਰੀ ਨੇੜੇ ਕਸਬਾ ਸ਼ੁਤਰਾਣਾ ਵਿਖੇ ਬੀਤੀ ਰਾਤ ਗੈਸ ਸਿਲੰਡਰਾਂ ਨਾਲ ਭਰੀ ਹੋਈ ਪਿਕਅੱਪ ਗੱਡੀ ਭਾਖੜਾ ਨਹਿਰ ਵਿਚ ਡਿੱਗ ਗਈ। ਨਹਿਰ ਵਿਚ ਡਿੱਗੇ ਸਿਲੰਡਰਾਂ ਦੀ ਤੇਜ਼ੀ ਨਾਲ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਥੇ ਹੀ ਗੱਡੀ ਦਾ ਡਰਾਈਵਰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਡਰਾਈਵਰ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਿਆ ਹੈ, ਜਿਸ ਦੀ ਪੁਲਿਸ ਅਤੇ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਤੜਾਂ ਦੀ ਗੈਸ ਏਜੰਸੀ ਦੀ ਗੈਸ ਸਿਲੰਡਰਾਂ ਵਾਲੀ ਗੱਡੀ ਭਾਖੜਾ ਨਹਿਰ ਦੀ ਪਟੜੀ ‘ਤੇ ਖਨੌਰੀ ਤੋਂ ਸ਼ੁਤਰਾਣਾ ਕਸਬੇ ਵੱਲ ਆ ਰਹੀ ਸੀ ਤਾਂ ਪਿੰਡ ਨਾਈਵਾਲਾ ਨੇੜੇ ਗੱਡੀ ਬੈਕ ਕਰਦੇ ਸਮੇਂ ਅਚਾਨਕ ਗੱਡੀ ਭਾਖੜਾ ਨਹਿਰ ਵਿਚ ਡਿੱਗ ਗਈ। ਲਾਪਤਾ ਡਰਾਈਵਰ ਦੀ ਪਛਾਣ ਗੁਰਦਿੱਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਸ਼ੁਤਰਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਤਾਂ ਬਰਾਮਦ ਕਰ ਲਈ ਹੈ ਪਰ ਗੁਰਦਿੱਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ। ਗੈਸ ਏਜੰਸੀ ਦੇ ਮਾਲਕ ਕਪਿਲ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਡਰਾਈਵਰ ਗੁਰਦਿੱਤ ਸਿੰਘ ਗੁਰੀ ਰੂਟ ਮੁਤਾਬਿਕ ਆਪਣੇ ਪਿੰਡਾਂ 'ਚ ਡੇਰਿਆਂ 'ਤੇ ਗੈਸ ਸਲੰਡਰ ਦੀ ਸਪਲਾਈ ਕਰਨ ਲਈ ਲਈ ਗਿਆ ਸੀ। ਪਰ ਤਕਰੀਬਨ 5 ਕੁ ਵਜੇ ਗੱਡੀ ਦਾ ਜੀਪੀਐਸ ਬੰਦ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਲ ਕੀਤੀ ਤਾਂ ਗੈਸ ਸਲਿੰਡਰ ਨਹਿਰ ਵਿੱਚ ਤੈਰਦੇ ਮਿਲੇ। ਉਪਰੰਤ ਉਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾਇਆ। ਸਵੇਰੇ ਗੋਤਾਖੋਰਾਂ ਵੱਲੋਂ ਗੱਡੀ ਤਾਂ ਕੱਢ ਲਈ ਗਈ ਹੈ ਅਤੇ ਵਿਅਕਤੀ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਤਲਾਸ਼ ਵਿੱਚ ਜੁਟੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਦਿੱਤ ਸਿੰਘ 7 ਭੈਣਾਂ ਦਾ ਇਕਲੌਤਾ ਭਰਾ ਹੈ। ਇਸਦੇ ਨਾਲ ਹੀ ਉਹ ਵਿਆਹਿਆ ਹੋਇਆ ਸੀ ਅਤੇ ਇੱਕ ਮਾਸੂਮ ਬੱਚੀ ਦਾ ਬਾਪ ਹੈ।