- ਐਮ.ਪੀ. ਲੈਂਡ ਸਕੀਮਾਂ ਦੇ ਜਿਹੜੇ ਕੰਮ ਕਿਸੇ ਕਾਰਨ ਕਰਕੇ ਸ਼ੁਰੂ ਨਹੀਂ ਹੋਏ, ਉਨ੍ਹਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ
ਮਾਲੇਰਕੋਟਲਾ 15 ਫਰਵਰੀ : ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਐਮ.ਪੀ. ਲੈਂਡ ਸਕੀਮਾਂ ਤਹਿਤ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗਰਾਂਟਾਂ ਦੀ ਸਮੀਖਿਆ ਸਬੰਧੀ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਸਹਾਇਕ ਅੰਕੜਾ ਸਲਾਹਕਾਰ ਅਫ਼ਸਰ ਸ੍ਰੀ ਰਾਜ ਕੁਮਾਰ, ਡੀ.ਡੀ.ਪੀ.ਓ ਸ੍ਰੀਮਤੀ ਅਮਨਦੀਪ ਸਿੰਘ, ਐਕਸੀਅਨ ਬਿਜਲੀ ਬੋਰਡ ਇੰਜ ਹਰਵਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਇੰਜ. ਰਣਜੀਤ ਸਿੰਘ ਬੀ.ਡੀ.ਪੀ.ਓ ਮਾਲੇਰਕੋਟਲਾ ਸ੍ਰੀ ਕ੍ਰਿਸ਼ਨ ਸਿੰਘ, ਬੀ.ਡੀ.ਪੀ.ਓ. ਅਮਰਗੜ੍ਹ ਸ੍ਰੀਮਤੀ ਰੁਪਿੰਦਰ ਕੌਰ,ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਈ.ਓ. ਅਮਰਗੜ੍ਹ/ਅਹਿਮਦਗੜ੍ਹ ਸ੍ਰੀ ਅਮਨਦੀਪ ਸਿੰਘ, ਏ.ਐਮ.ਈ..ਇੰਜ. ਨਰਿੰਦਰ ਕੁਮਾਰ,ਸ੍ਰੀ ਅਜੇ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਐਮ.ਪੀ. ਲੈਂਡ ਸਕੀਮਾਂ ਤਹਿਤ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆ ਕਿਹਾ ਕਿ ਆਮ ਜਨਤਾ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂਵਾਂ ਪਹਿਲ ਦੇ ਆਧਾਰ ਤੇ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ । ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਦੇਰੀ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਕੰਮ ਦੀ ਗੁਣਵੰਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।ਡਿਪਟੀ ਕਮਿਸ਼ਨਰ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਐਮ.ਪੀ. ਲੈਂਡ ਸਕੀਮਾਂ ਤਹਿਤ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲ ਜਾਰੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਹਿਤ ਨਿੱਜੀ ਤੌਰ 'ਤੇ ਚੱਲ ਰਹੇ ਕੰਮਾਂ ਦਾ ਨਰੀਖਣ ਕਰਨ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾ ਕਰਵਾਏ ਜਾਣ ਅਤੇ ਜੋ ਕੰਮ ਅਧੂਰੇ ਹਨ ਅਤੇ ਕਿਸੇ ਵੀ ਕਾਰਨ ਕਰਕੇ ਅਜੇ ਤੱਕ ਮੁਕੰਮਲ ਨਹੀਂ ਹੋਏ ਸਬੰਧਿਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਵਾਉਣ ਨੂੰ ਤਰਜੀਹ ਦੇਣ । ਉਨ੍ਹਾਂ ਹੋਰ ਕਿਹਾ ਕਿ ਜਿਹੜੇ ਕੰਮ ਕਿਸੇ ਕਾਰਨ ਕਰਕੇ ਜਮਾਂ ਨਹੀਂ ਹੋਏ, ਉਨ੍ਹਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ ਜਿਹੜੇ ਕੰਮ ਕਿਸੇ ਤਕਨੀਕੀ ਕਾਰਨ ਕਰਕੇ ਸ਼ੁਰੂ ਨਹੀਂ ਹੋ ਸਕਦੇ ਉਨ੍ਹਾਂ ਦੇ ਪੈਸੇ ਸਬੰਧਿਤ ਵਿਭਾਗ ਨੂੰ ਤੁਰੰਤ ਜਮ੍ਹਾ ਕਰਵਾਏ ਜਾਣ ਤਾਂ ਜੋ ਵਿਭਾਗੀ ਉਪਚਾਰਿਕਤਾਵਾਂ ਮੁਕੰਮਲ ਹੋ ਸਕਣ ।