ਪਟਿਆਲਾ, 10 ਅਪ੍ਰੈਲ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਕਮੇਟੀ ਵੱਲੋਂ ਅੱਜ ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਯੋਗ ਅਗਵਾਈ ਹੇਠ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਲ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀਆਂ ਸਕੂਲੀ ਬੱਸਾਂ ਵਿੱਚ ਬੱਚੇ ਸਫ਼ਰ ਕਰ ਰਹੇ ਹਨ ਉਹ ਸੇਫ਼ ਸਕੂਲ ਵਾਹਨ ਪਾਲਿਸੀ ਮੁਤਾਬਿਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ। ਇਸ ਦੇ ਨਾਲ ਹੀ ਨਿਯਮਾਂ ਨੂੰ ਪੂਰਾ ਕਰਨ ਸਬੰਧੀ ਸਕੂਲਾਂ ਨੂੰ ਸਮੇਂ ਸਮੇਂ ਤੇ ਨਿਰਦੇਸ਼ ਵੀ ਦਿੱਤੇ ਜਾਂਦੇ ਹਨ।ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਵਿੱਚ ਆਮ ਤੌਰ ਤੇ ਇਹ ਸਾਹਮਣੇ ਆਉਂਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀਂ ਚਲਾ ਰਹੇ ਤਾਂ ਉਹਨਾਂ ਬੱਸਾਂ ਦੇ ਚਲਾਨ ਕੀਤੇ ਜਾਂਦੇ ਹਨ। ਜਿਸ ਤਹਿਤ ਅੱਜ ਪਟਿਆਲਾ ਅਤੇ ਰਾਜਪੁਰਾ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਤਿੰਨ ਬੱਸਾਂ ਜਬਤ ਕੀਤੀਆਂ ਗਈਆਂ ਹਨ। ਇਸ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ (ਆਈ.ਸੀ) ਰੂਪਵੰਤ ਕੌਰ, ਡਾਟਾ ਐਨਲਾਸਿਸਟ ਪ੍ਰਦੀਪ ਕੁਮਾਰ, ਏ.ਐਸ.ਆਈ. ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਇੰਦਰਪ੍ਰੀਤ ਸਿੰਘ ਸ਼ਾਮਲ ਸਨ। ਉਨ੍ਹਾਂ ਸਕੂਲ ਬੱਸਾਂ ਸਬੰਧੀ ਗਾਇਡਲਾਇਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਬੱਸਾਂ ਦੇ ਦਰਵਾਜ਼ੇ ਹਾਇਡਰੋਲਿਕ ਹੋਣੇ ਚਾਹੀਦੇ ਹਨ, ਜਿਨ੍ਹਾਂ ਦਾ ਕੰਟਰੋਲ ਡਰਾਈਵਰ ਕੋਲ ਹੋਣਾ ਚਾਹੀਦਾ ਹੈ ਅਤੇ ਸਕੂਲ ਬੱਸ ਵਿੱਚ ਜੀ.ਪੀ.ਐਸ ਸਿਸਟਮ ਲੱਗਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਸਾਂ ਦੀ ਮੂਵਮੈਂਟ ਸਕੂਲ ਮੈਨੇਜਮੈਂਟ ਕੋਲ ਹੋਣੀ ਚਾਹੀਦੀ ਹੈ ਤੇ ਬੱਸਾਂ ਵਿੱਚ ਸਟਾਪ ਸਿਗਨਲ ਅਲਾਰਮ ਲੱਗਿਆ ਹੋਣਾ ਚਾਹੀਦਾ ਹੈ। ਬੱਸ ਵਿੱਚ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਯੰਤਰ ਹੋਣਾ ਚਾਹੀਦਾ ਹੈ ਤੇ ਬੱਸ ਚਾਲਕ ਦਾ ਸਾਲ ਵਿੱਚ 2 ਤੋਂ ਜ਼ਿਆਦਾ ਵਾਰੀ ਚਲਾਨ ਨਹੀਂ ਹੋਇਆ ਹੋਣਾ ਚਾਹੀਦਾ। ਡਰਾਈਵਰ ਅਤੇ ਕੰਡਕਟਰ ਕੋਲ ਬੱਚਿਆਂ ਦੇ ਘਰ ਦਾ ਪਤਾ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਫ਼ੋਨ ਨੰਬਰ ਹੋਣਾ ਚਾਹੀਦਾ ਹੈ। ਸਕੂਲ ਬੱਸ ਤੇ ਸਪੀਡ ਗਵਰਨਰ ਅਤੇ ਸੀ.ਸੀ.ਟੀ.ਵੀ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ।