- ਸਰਵੇ ਮੁਤਾਬਿਕ ਅਜਿਹੇ ਵਿਅਕਤੀਆਂ ਵਿੱਚ ਗੰਭੀਰ ਬਿਮਾਰੀਆਂ ਦਾ ਸੰਕਰਮਣ ਵਧੇਰੇ
- ਪੰਜਾਬ ਵਿੱਚ ਐੱਚ. ਆਈ. ਵੀ., ਟੀ. ਬੀ., ਹੈਪੇਟਾਈਟਸ ਅਤੇ ਸਰੀਰਕ ਸੰਬੰਧਾਂ ਕਾਰਨ ਫੈਲਣ ਵਾਲੇ ਰੋਗਾਂ ਦੀ ਸੰਕਰਮਣ ਦਰ ਰਾਸ਼ਟਰੀ ਦਰ ਨਾਲੋਂ ਕਿਤੇ ਜ਼ਿਆਦਾ
- ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ 15 ਅਤੇ 16 ਜੂਨ ਨੂੰ ਮੁਹਿੰਮ ਚਲਾਉਣ ਦੀ ਹਦਾਇਤ
ਮੋਗਾ, 30 ਮਈ : ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਸੂਬੇ ਦੇ ਵੱਖ-ਵੱਖ ਸੁਧਾਰ ਘਰਾਂ ਵਿੱਚ ਬੰਦ ਕੈਦੀਆਂ, ਹਵਾਲਾਤੀਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਵਿਅਕਤੀਆਂ ਦੀ ਵਿਸ਼ੇਸ਼ ਸਿਹਤ ਜਾਂਚ ਕਰਕੇ ਉਹਨਾਂ ਦਾ ਇਲਾਜ਼ ਸ਼ੁਰੂ ਕਰਵਾਇਆ ਜਾਣਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 15 ਅਤੇ 16 ਜੂਨ, 2023 ਨੂੰ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਐੱਚਆਈਵੀ ਸੈਂਟੀਨਲ ਸਰਵੇਲੈਂਸ 2021 ਦੇ ਅਨੁਸਾਰ, ਪੰਜਾਬ ਵਿੱਚ ਸੁਧਾਰ ਘਰਾਂ ਦੇ ਕੈਦੀਆਂ ਵਿੱਚ ਐੱਚਆਈਵੀ ਦਾ ਪ੍ਰਸਾਰ 7.49% ਫੀਸਦੀ ਹੈ ਜੋ ਕਿ ਰਾਸ਼ਟਰੀ ਦਰ 1.93% ਫੀਸਦੀ ਦੇ ਮੁਕਾਬਲੇ ਬਹੁਤ ਵੱਧ ਹੈ। ਪੰਜਾਬ ਵਿੱਚ ਐੱਚ. ਆਈ. ਵੀ., ਟੀ. ਬੀ., ਹੈਪੇਟਾਈਟਸ ਅਤੇ ਸਰੀਰਕ ਸੰਬੰਧਾਂ ਕਾਰਨ ਫੈਲਣ ਵਾਲੇ ਰੋਗਾਂ ਦੀ ਸੰਕਰਮਣ ਦਰ ਰਾਸ਼ਟਰੀ ਦਰ ਨਾਲੋਂ ਕਿਤੇ ਜ਼ਿਆਦਾ ਹੋਣਾ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਸੁਧਾਰ ਘਰਾਂ ਅਤੇ ਹੋਰ ਬੰਦ ਮਾਹੌਲ (ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਅਤੇ ਜੁਵੇਨਾਈਲ ਹੋਮ) ਵਿੱਚ ਬੰਦ ਆਬਾਦੀ ਦੀ ਸਿਹਤ ਜਾਂਚ ਅਤੇ ਇਲਾਜ ਸ਼ੁਰੂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜਦੋਂ ਇਹ ਵਿਅਕਤੀ ਆਪਣਾ ਸਮਾਂ ਪੂਰਾ ਕਰਨ ਉਪਰੰਤ ਸਮਾਜ ਦੇ ਹੋਰ ਲੋਕਾਂ ਨਾਲ ਮੇਲ ਮਿਲਾਪ ਕਰਦੇ ਹਨ ਤਾਂ ਇਹਨਾਂ ਤੋਂ ਉਕਤ ਬਿਮਾਰੀਆਂ ਦਾ ਫੈਲਾਅ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਲ੍ਹਾ ਮੋਗਾ ਵਿੱਚ ਜਾਂਚ ਕੀਤੇ ਜਾਣ ਵਾਲੇ ਪ੍ਰਸਤਾਵਿਤ ਅਜਿਹੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧੇਰੇ ਹੈ। ਸਿਹਤ ਵਿਭਾਗ ਵੱਲੋਂ ਇਹਨਾਂ ਸਾਰੇ ਵਿਅਕਤੀਆਂ ਦੀ ਜਾਂਚ 15 ਅਤੇ 16 ਜੂਨ ਨੂੰ ਕੀਤੀ ਜਾਵੇਗੀ। ਇਸ ਦੌਰਾਨ ਐੱਚ. ਆਈ. ਵੀ., ਟੀ. ਬੀ., ਹੈਪੇਟਾਈਟਸ ਅਤੇ ਸਰੀਰਕ ਸੰਬੰਧਾਂ ਕਾਰਨ ਫੈਲਣ ਵਾਲੇ ਰੋਗਾਂ ਦੀ ਸੰਕਰਮਣ ਦੀ ਜਾਂਚ ਕੀਤੀ ਜਾਵੇਗੀ। ਜੋ ਵੀ ਵਿਅਕਤੀ ਇਹਨਾਂ ਤੋਂ ਪ੍ਰਭਾਵਿਤ ਪਾਏ ਜਾਣਗੇ। ਉਹਨਾਂ ਦਾ ਤੁਰੰਤ ਇਲਾਜ਼ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਜੇ ਅਜਿਹੇ ਕੈਦੀਆਂ ਦਾ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਉਹਨਾਂ ਦੀ ਰਿਹਾਈ ਤੋਂ ਬਾਅਦ ਗੈਰ-ਕੈਦ ਵਾਲੇ ਭਾਈਚਾਰੇ ਵਿੱਚ ਲਾਗ ਦੇ ਹੋਰ ਪ੍ਰਸਾਰਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਗੇੜ ਵਿਚ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਅਤੇ ਜੁਵੇਨਾਈਲ ਹੋਮ ਨੂੰ ਹੀ ਕਵਰ ਕੀਤਾ ਜਾਵੇਗਾ। ਜਦਕਿ ਅਗਲੇ ਗੇੜ ਵਿੱਚ ਨਿੱਜੀ ਕੇਂਦਰਾਂ ਨੂੰ ਕਵਰ ਕੀਤਾ ਜਾਵੇਗਾ। ਮੀਟਿੰਗ ਵਿੱਚ ਸਿਵਲ ਸਰਜਨ ਡਾਕਟਰ ਰਾਜੇਸ਼ ਅਤਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।