- ਨਵਜੋਤ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ
- ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ
ਮਾਨਸਾ, 3 ਅਪਰੈਲ : ਲੰਘੇ ਦਿਨ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਪਰਾਧ ਲਈ ਸੁਵਿਧਾਵਾਂ ਬਣ ਗਈਆਂ ਹਨ, ਇਹ ਹੁਣ ਸੁਧਾਰ ਘਰ ਨਹੀਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ ’ਚੋਂ ਇੰਟਰਵਿਊ ਦੇ ਰਹੇ ਹਨ ਅਤੇ ਜੇਲ੍ਹਾਂ ਵਿੱਚ ਹੀ ਗੈਂਗਸਟਰਾਂ ਦੀ ਆਪਸੀ ਲੜਾਈ ਵਿੱਚ ਗੈਂਗਸਟਰ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਸੈਟਲਾਈਟ ਤੇ ਜੈਮਰ ਕਿਉਂ ਨਹੀਂ ਲਾਏ ਗਏ ਹਨ। ਰੋਡ ਰੇਜ਼ ਕੇਸ ਵਿੱਚ ਇੱਕ ਸਾਲ ਦੀ ਕੈਦ ਕੱਟਣ ਤੋਂ ਬਾਅਦ ਪਰਸੋਂ ਹੀ ਰਿਹਾਅ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਦੀ ਸਕਿਊਰਟੀ ਵਾਪਸ ਲੈਣਾ ਪੰਜਾਬ ਸਰਕਾਰ ਦੀ ਵੱਡੀ ਗਲਤੀ ਸੀ ਅਤੇ ਉਸਦੇ ਕਤਲ ਤੋਂ ਬਾਅਦ ਮਾਪਿਆਂ ਨੂੰ ਇਨਸਾਫ਼ ਨਾ ਦੇਣਾ ਇਹ ਹੋਰ ਵੱਡੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੀ ਹੋਈ ਅਤੇ ਉਨ੍ਹਾਂ ਬੁਲਟ ਪਰੂਫ਼ ਗੱਡੀਆਂ ਵਿੱਚ ਪੁਲੀਸ ਦੇ ਵੱਡੇ ਕਾਫ਼ਲੇ ਨਾਲ ਪੰਜਾਬ ਦੇ ਇੱਕ ਤੋਂ ਦੂਜੇ ਸ਼ਹਿਰ ਲਿਜਾਇਆ ਜਾ ਰਿਹਾ ਹੈ। ਅੱਜ ਮੂਸਾ ਪਿੰਡ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਲਗਭਗ 2 ਘੰਟੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੂਸੇਵਾਲਾ ਬੜਾ ਵਧੀਆ ਇਨਸਾਨ ਸੀ ਅਤੇ ਉਹ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਵਿੱਢੀ ਲਹਿਰ ਵਿੱਚ ਮੁਹਰੇ ਹੋਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਿੰਨ੍ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਗਈ ਤੇ ਗੈਂਗਸਟਰਾਂ ਨੂੰ ਜੈੱਡ ਸਕਿਓਰਿਟੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਿੱਚ ਵੀ ਕੁਝ ਚੰਗੇ ਲੋਕ ਬੈਠੇ ਹਨ। ਉਨ੍ਹਾਂ ਨੂੰ ਅਪੀਲ ਹੈ ਕਿ ਸਮੂਹਿਕ ਏਕਤਾ ਕਰਕੇ ਪੰਜਾਬ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ ਵੀ ਬਹੁਤ ਕਾਬਿਲ ਲੋਕ ਹਨ। ਪਰ ਸਰਕਾਰ ਨੂੰ ਉਨ੍ਹਾਂ ਤੋਂ ਕੰਮ ਲੈਣਾ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਾਲਤ ਇਹ ਹੋ ਗਈ ਹੈ ਕਿ ਉਸ ਦੇ ਆਪਣੇ ਵਿਧਾਇਕ ਵਿਰੋਧ ਕਰਨ ਲੱਗੇ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਜਾਰੀ ਹੋਈ ਵੀਡਿਓ ਸੰਬੰਧੀ ਬੋਲਦਿਆਂ ਕਿਹਾ ਕਿ ਬੇਸ਼ੱਕ ਇਸ ਤੇ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਪਰ ਹਲੇ ਤੱਕ ਇਹ ਨੀ ਦੱਸਿਆ ਗਿਆ ਕਿ ਇਸ ਦੀ ਰਿਪੋਰਟ ਕਦੋਂ ਆਵੇਗੀ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰੀ ਕਾਂਗਰਸੀ ਆਗੂ ਰਣਜੀਤ ਸਿੰਘ ਦੋਦੜਾ, ਚੇਅਰਮੈਨ ਜਗਮੇਲ ਸਿੰਘ ਨੰਗਲ, ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਡਾਲੀ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਅੱਪੀ ਝੱਬਰ, ਬਲਦੇਵ ਸਿੰਘ ਰੜ, ਨੰਬਰਦਾਰ ਗੁਰਵੀਰ ਸਿੰਘ ਝੱਬਰ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ।