- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ
ਮਾਲੇਰਕੋਟਲਾ 30 ਜਨਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਅਤੇ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ 31 ਜਨਵਰੀ ਤੋਂ 01 ਫਰਵਰੀ ਤੱਕ ਸਮੁੱਚੇ ਜ਼ਿਲ੍ਹੇ ਦੇ ਲੋਕਾਂ ਲਈ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਝਾਕੀਆਂ ਸਬੰਧੀ ਅਗੇਤੇ ਪ੍ਰਬੰਧ ਅਤੇ ਰੂਟ ਪਲਾਨ ਉਲੀਕਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਆਜ਼ਾਦੀ ਇਤਿਹਾਸ, ਨਾਰੀ ਸ਼ਕਤੀ ਅਤੇ ਸਭਿਆਚਾਰ ਬਾਰੇ ਵਡਮੁੱਲੀ ਜਾਣਕਾਰੀ ਭਰਪੂਰ 16 ਫੁੱਟ ਉੱਚੀ 14 ਫੁੱਟ ਚੌੜੀ ਅਤੇ 30 ਫੁੱਟ ਲੰਬੀ ਇਹ ਝਾਕੀਆਂ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ਤੋਂ ਗੁਜ਼ਣਗੀਆਂ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ । ਉਨ੍ਹਾਂ ਸਮੂਹ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਝਾਕੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਢੁਕਵੇਂ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ 30 ਜਨਵਰੀ ਨੂੰ ਇਹ ਝਾਕੀਆਂ ਦੀ ਜ਼ਿਲ੍ਹਾ ਸੰਗਰੂਰ ਤੋਂ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਆਮਦ ਹੋ ਚੁੱਕੀ ਹਨ ਜੋ ਕਿ ਨਿਰਧਾਰਿਤ ਪ੍ਰੋਗਰਾਮ ਤਹਿਤ 31 ਜਨਵਰੀ ਨੂੰ ਝਾਕੀਆਂ ਲੋਕਾਂ ਦੇ ਦੇਖਣ ਲਈ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ । ਇਸ ਉਪਰੰਤ ਝਾਕੀਆਂ ਇਹ ਕਰੀਬ 12.00 ਵਜੇ ਅਗਲੇ ਪੜਾਅ ਤਹਿਤ ਅਮਰਗੜ੍ਹ ਵਿਖੇ ਪੁੱਜਣਗੀਆਂ । ਸ਼ਾਮ ਕਰੀਬ 04.00 ਵਜੇ ਇਹ ਝਾਕੀਆਂ ਕੁੱਪ ਕਲਾਂ ਅਤੇ ਦੇਰ ਸ਼ਾਮ ਕਰੀਬ 05.00 ਵਜੇ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਪ੍ਰਦਰਸ਼ਿਤ ਹੋਣਗੀਆਂ ।ਉਨ੍ਹਾਂ ਦੱਸਿਆ ਕਿ ਇਹ ਝਾਕੀਆਂ 01 ਫਰਵਰੀ ਨੂੰ ਸਵੇਰੇ 10.00 ਵਜੇ ਦਾਣਾ ਮੰਡੀ ਅਹਿਮਦਗੜ੍ਹ ਤੋਂ ਮਾਲੇਰਕੋਟਲਾ ਲਈ ਰਵਾਨਾ ਕੀਤੀਆਂ ਜਾਣਗੀਆਂ । ਮਾਲੇਰਕੋਟਲਾ ਦੀ ਅਵਾਮ ਲਈ ਪ੍ਰਦਰਸ਼ਿਤ ਹੋਣ ਉਪਰੰਤ ਸੰਦੌੜ ਹੁੰਦੀਆਂ ਹੋਈਆਂ ਮਿਤੀ 02 ਫਰਵਰੀ ਨੂੰ ਜ਼ਿਲ੍ਹਾ ਬਰਨਾਲਾ ਵਿਖੇ ਦਾਖਲ ਹੋਵੇਗੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਇਨ੍ਹਾਂ ਝਾਕੀਆਂ ਨੂੰ ਦੇਖਣ ਲਈ ਸਬੰਧਤ ਸਥਾਨਾਂ ਉੱਤੇ ਪਹੁੰਚਣ ਤਾਂ ਜੋ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਬਾਰੇ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਹੋ ਸਕੇ । ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ., ਉਪ ਮੰਡਲ ਮੈਜਿਸਟਰੇਟ ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ , ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ. ਸ੍ਰੀ ਰਣਜੀਤ ਸਿੰਘ,ਐਕਸੀਅਨ ਬਿਜਲੀ ਬੋਰਡ ਇੰਜ. ਹਰਵਿੰਦਰ ਸਿੰਘ,ਸੈਕਟਰੀ ਮਾਰਕੀਟ ਕਮੇਟੀ ਜਸਵੀਰ ਸਿੰਘ,ਅਮਰਜੀਤ ਸਿੰਘ,ਗੁਰਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।