ਲੁਧਿਆਣਾ, 22 ਨਵੰਬਰ : ਸੁਰਗਵਾਸੀ ਪੰਜਾਬੀ ਕਵੀ ਰਾਜਿੰਦਰ ਪਰਦੇਸੀ ਦਾ ਆਖ਼ਰੀ ਗ਼ਜ਼ਲ ਸੰਗ੍ਰਹਿ “ ਯਾਰ ਭਰਾਵਾਂ ਵਰਗੇ” ਉਸ ਦੇ ਫ਼ਰਾਂਸ ਵੱਸਦੇ ਪੁੱਤਰ ਤੇਜਿੰਦਰ ਮਨਚੰਦਾ ਪਰਦੇਸੀ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਰਾਜਿੰਦਰ ਪਰਦੇਸੀ ਦੇ ਮਿੱਤਰ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਲੁਧਿਆਣਾ ਵੱਸਦੇ ਪੰਜਾਬੀ ਲੇਖਕਾਂ ਨੂੰ ਭੇਟ ਕੀਤਾ। ਗ਼ਜ਼ਲ ਪੁਸਤਕ ਭੇਂਟ ਕਰਦਿਆਂ ਤੇਜਿੰਦਰ ਮਨਚੰਦਾ ਪਰਦੇਸੀ ਨੇ ਕਿਹਾ ਕਿ ਇਸ ਭਾਰਤ ਫੇਰੀ ਦਾ ਮਨੋਰਥ ਐਤਕੀਂ ਆਪਣੇ ਬਾਬਲ ਦਾ ਲਿਖਿਆ ਸਾਹਿੱਤ ਸੰਭਾਲਣਾ ਹੀ ਸੀ। ਯਾਰ ਭਰਾਵਾਂ ਵਰਗੇ ਗ਼ਜ਼ਲ ਸੰਗ੍ਰਹਿ ਦਾ ਮਸੌਦਾ ਉਹ ਆਪ ਹੀ ਤਿਆਰ ਕਰ ਗਏ ਸਨ ਅਤੇ ਇਸ ਦਾ ਟਾਈਟਲ ਕਵਰ ਵੀ ਮੈਥੋਂ ਡੀਜ਼ਾਈਨ ਕਰਵਾ ਲਿਆ ਸੀ ਪਰ ਵਕਤ ਨੂੰ ਛਪੀ ਪੁਸਤਕ ਵੇਖਣਾ ਮਨਜ਼ੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ 1985 ਵਿੱਚ ਉਨ੍ਹਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਆਪਣੇ ਉਸਤਾਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰੇਰਨਾ ਨਾਲ ਛਪਿਆ ਸੀ। ਇਸ ਉਪਰੰਤ ਉਨ੍ਹਾਂ ਦੇ ਚਾਰ ਕਾਵਿ ਸੰਗ੍ਰਹਿ ਨਗਮਾ ਉਦਾਸ ਹੈ, ਉਦਰੇਵੇਂ ਦੀ ਬੁੱਕਲ,ਵਿੱਥ ਅਤੇ ਦੂਰ ਬਹੁਤ ਦੂਰ ਛਪੇ। ਗ਼ਜ਼ਲ ਸੰਗ੍ਰਿਹ ਗੁੰਗੀ ਰੁੱਤ ਦੀ ਪੀੜ 2008ਵਿੱਚ ਛਪੀ। ਉਨ੍ਹਾ ਨੇ ਇੱਤ ਗੀਤ ਸੰਗ੍ਰਹਿ ਗੀਤ ਕਰਨ ਅਰਜ਼ੋਈ ਵੀ 2011 ਵਿੱਚ ਛਪਿਆ। ਉਨ੍ਹਾਂ ਦਾ ਸਫ਼ਰਨਾਮਾ ਰੰਗ ਸਮੁੰਦਰੋ ਪਾਰ ਦੇ ਤੋਂ ਇਲਾਵਾ ਕੁਝ ਲਿਖਤਾਂ ਉਰਦੂ ਤੇ ਹਿੰਦੀ ਵਿੱਚ ਵੀ ਛਪੀਆਂ। ਇਸ ਗ਼ਜ਼ਲ ਸੰਗ੍ਰਹਿ ਨੂੰ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਸੁਰਿੰਦਰਜੀਤ ਚੌਹਾਨ ਨੇ ਬਹੁਤ ਹੀ ਖ਼ੂਬਸੂਰਤ ਛਾਪਿਆ ਹੈ। ਆਪਣੇ ਪਿਆਰੇ ਮਿੱਤਰ ਰਾਜਿੰਦਰ ਪਰਦੇਸੀ ਨੂੰ ਭਰੇ ਮਨ ਨਾਲ ਯਾਦ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਲੰਧਰੋਂ ਰਾਜਿੰਦਰ ਪਰਦੇਸੀ ਤੇ ਪ੍ਰੋਃ ਅਵਤਾਰ ਜੌੜਾ ਅਕਸਰ ਕੁਲਦੀਪ ਸਿੰਘ ਬੇਦੀ ਸਮੇਤ ਲੁਧਿਆਣਾ ਦੀਆਂ ਅਦਬੀ ਸੰਗਤਾਂ ਵਿੱਚ ਸ਼ਾਮਿਲ ਹੋ ਕੇ ਸਾਹਿੱਤਕ ਰਸ ਮਾਣਦੇ ਸਨ। ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਵੀ ਉਹ ਦਿਲਚਸਪੀ ਰੱਖਦੇ ਸਨ। ਮੇਰੇ 1977-85 ਦੌਰਾਨ ਜਗਰਾਉਂ ਰਹਿੰਦਿਆਂ ਉਹ ਅਕਸਰ ਆਪਣੇ ਉਸਤਾਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੂੰ ਮਿਲਣ ਆਉਂਦੇ ਸਨ ਤੇ ਲਗਪਗ ਹਰ ਵਾਰੀ ਉਹ ਮੈਨੂੰ ਵੀ ਲਾਜਪਤ ਰਾਏ ਕਾਲਿਜ ਵਿੱਚ ਮੈਨੂੰ ਵੀ ਨਿਵਾਜਦੇ ਸਨ। ਪਰਦੇਸੀ ਪੰਜਾਬੀ ਗ਼ਜ਼ਲ ਦਾ ਸਮਰੱਥ ਕਵੀ ਤਾਂ ਹੈ ਹੀ ਸੀ ,ਉਹ ਗੀਤ ਤੇ ਨਜ਼ਮ ਦਾ ਵੀ ਸਮਰੱਥ ਸ਼ਾਇਰ ਸੀ। ਵਾਰਤਕ ਲਿਖ ਕੇ ਵੀ ਉਸ ਆਪਣੀ ਸਿਰਜਣਾਤਮਕ ਪ੍ਰਤਿਭਾ ਦਾ ਲੋਹਾ ਮੰਨਵਾਇਆ। ਉਨ੍ਹਾਂ ਰਾਜਿੰਦਰ ਪਰਦੇਸੀ ਨੂੰ ਸੁਝਾਅ ਦਿੱਤਾ ਕਿ ਰਾਜਿੰਦਰ ਪਰਦੇਸੀ ਦੀ ਸੰਪੂਰਨ ਰਚਨਾਵਲੀ ਜ਼ਰੂਰ ਛਾਪਣੀ ਚਾਹੀਦੀ ਹੈ ਤਾਂ ਜੋ ਉਸ ਦੀ ਸਿਰਜਣਾਤਮਿਕ ਆਭਾ ਨੂੰ ਯੂਨੀਵਰਸਿਟੀਆਂ ਚ ਪੜ੍ਹਦੇ ਪੀ ਐੱਚ ਡੀ ਸਕਾਲਰ ਪਛਾਣ ਸਕਣ। ਇਸ ਮੌਕੇ ਜਲੰਧਰ ਦੇ ਸਾਬਕਾ ਪੁਲੀਸ ਕਮਿਸ਼ਨਰ ਤੇ ਉੱਘੇ ਵਾਰਤਕ ਲੇਖਕ ਗੁਰਪ੍ਰੀਤ ਸਿੰਘ ਤੂਰ ਤੇ ਰਾਗ ਰਤਨ , ਰੁੱਤਾਂ ਦਾ ਗੀਤ, ਪੱਤੇ ਪੱਤੇ ਲਿਖੀ ਇਬਾਰਤ ਤੇ ਕੈਮਰੇ ਦੀ ਅੱਖ ਬੋਲਦੀ ਦੇ ਸਿਰਜਕ/ ਫੋਟੋਕਾਰ ਤੇਜਪਰਤਾਪ ਸਿੰਘ ਸੰਧੂ ਵੀ ਹਾਜ਼ਰ ਸਨ। ਦੋਹਾ ਵਿਦਵਾਨਾਂ ਨੇ ਤੇਜਿੰਦਰ ਨੂੰ ਆਸ਼ੀਰਵਾਦ ਦਿੱਤਾ। ਤੇਜਿੰਦਰ ਮਨਚੰਦਾ ਪਰਦੇਸੀ ਵੱਲੋਂ ਆਪਣੇ ਬਾਪ ਦੀ ਸਾਹਿੱਤਕ ਪੂੰਜੀ ਸਾਂਭਣ ਲਈ ਟੈਲੀਫੋਨ ਤੇ ਸੰਪਰਕ ਕਰਕੇ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਨੇ ਵੀ ਇਸ ਸ਼ੁਭ ਕਾਰਜ ਲਈ ਮੁਬਾਰਕਬਾਦ ਦਿੱਤੀ।