ਪਟਿਆਲਾ, 04 ਅਪ੍ਰੈਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਵਿੱਚ ਸੰਵਿਧਾਨ ਬਚਾਓ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਇਸ ਮੁਹਿੰਮ ਦੀ ਸ਼ੁਰੂਆਤ 26 ਮਾਰਚ ਨੂੰ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਤੋਂ ਸੱਤਿਆਗ੍ਰਹਿ ਕਰ ਕੇ ਕੀਤੀ ਗਈ ਸੀ। ਜਿਸ ਤੋਂ ਬਾਅਦ ਸੂਬੇ ਭਰ ਵਿੱਚ ਵੱਖ-ਵੱਖ ਪਾਰਟੀ ਮੀਟਿੰਗਾਂ, ਪ੍ਰੈਸ ਕਾਨਫਰੰਸਾਂ ਅਤੇ ਪੈਦਲ ਯਾਤਰਾਵਾਂ ਕੀਤੀਆਂ ਗਈਆਂ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 'ਸੰਵਿਧਾਨ ਬਚਾਓ ਮੁਹਿੰਮ' ਦਾ ਵੇਰਵਾ ਦਿੰਦੇ ਹੋਏ ਕਿਹਾ, ''ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਵਿਖੇ ਜ਼ੋਨਲ ਮੀਟਿੰਗਾਂ ਕੀਤੀਆਂ, ਜਿਸ ਵਿੱਚ ਪੰਜਾਬ ਦੇ ਸਾਰੇ ਜ਼ੋਨਾਂ ਜਿਵੇਂ ਮਾਲਵਾ-1, ਮਾਲਵਾ-2, ਮਾਝਾ ਅਤੇ ਦੋਆਬਾ ਸ਼ਾਮਲ ਹਨ। ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਦੇਸ਼ ਦੀ ਵਿਗੜ ਰਹੀ ਸੰਵਿਧਾਨਕ ਸਥਿਤੀ ਬਾਰੇ ਲੋਕਾਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਮੀਟਿੰਗਾਂ ਅਤੇ ਪ੍ਰੈਸ ਕਾਨਫਰੰਸਾਂ ਕਰਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਪੈਦਲ ਯਾਤਰਾ ਕੱਢੀ ਗਈ ਸੀ ਅਤੇ ਪਾਰਟੀ ਲੀਡਰਸ਼ਿਪ ਨੇ ਅੱਜ ਪਟਿਆਲਾ ਵਿੱਚ ਪੈਦਲ ਯਾਤਰਾ ਕੱਢੀ। ਸੰਵਿਧਾਨ ਬਚਾਓ ਮੁਹਿੰਮ ਤਹਿਤ ਅੰਤਿਮ ਯਾਤਰਾ ਲੁਧਿਆਣਾ ਵਿੱਚ ਸਮਾਪਤ ਹੋਵੇਗੀ।" ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਤਾਧਾਰੀ ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਦਬਾ ਕੇ ਲੋਕਤੰਤਰ ਦੇ ਚੌਥੇ ਥੰਮ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾ ਰਹੀ ਹੈ। ਇਸ ਦੇ ਨਾਲ ਹੀ, ਵਿਰੋਧੀ ਪਾਰਟੀਆਂ ਨੂੰ ਸੰਸਦ ਵਿਚ ਰਾਸ਼ਟਰੀ ਮੁੱਦਿਆਂ ਨੂੰ ਉਠਾਉਣ ਤੋਂ ਰੋਕ ਕੇ, ਜੋ ਕਿ ਜਨਤਕ ਮੁੱਦਿਆਂ ਅਤੇ ਰਾਸ਼ਟਰੀ ਨੀਤੀ 'ਤੇ ਚਰਚਾ ਅਤੇ ਬਹਿਸ ਦਾ ਸਰਵਉੱਚ ਮੰਚ ਹੈ, ਆਪਣੇ ਕੋਝੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਲੋਕਤੰਤਰ ਦੇ ਮੰਦਰ ਦਾ ਨਿਰਾਦਰ ਕਰ ਰਹੀ ਹੈ। ਸੱਤਾਧਾਰੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ, "ਕੇਂਦਰ ਸਰਕਾਰ ਧੋਖੇਬਾਜ਼ਾਂ ਨਾਲ ਮਿਲ ਕੇ ਦੇਸ਼ ਦੇ ਨਾਗਰਿਕਾਂ ਨੂੰ ਧੋਖਾ ਦੇ ਰਹੀ ਹੈ, ਜੋ ਕਿ ਅਡਾਨੀ ਵਿਰੁੱਧ ਕਾਰਵਾਈ ਕਰਨ ਵਿੱਚ ਜਾਣਬੁੱਝ ਕੇ ਕੀਤੀ ਜਾ ਰਹੀ ਅਣਗਹਿਲੀ ਤੋਂ ਸਪੱਸ਼ਟ ਹੈ। ਗੌਤਮ ਅਡਾਨੀ ਨੂੰ ਦਿੱਤੇ ਮੋਦੀ ਸਰਕਾਰ ਦੇ ਬੇਲੋੜੇ ਪੱਖਾਂ ਦਾ ਦਲੇਰੀ ਨਾਲ ਪਰਦਾਫਾਸ਼ ਕਰਨ ਵਾਲੇ ਨੇਤਾ ਰਾਹੁਲ ਗਾਂਧੀ ਦੀ ਆਵਾਜ਼ ਨੂੰ ਚੁੱਪ ਕਰਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਚੋਰਾਂ ਨਾਲ ਰਲ਼ੇ ਹੋਏ ਹਨ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਮੁਕਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਸਫਲ ਮੀਟਿੰਗਾਂ ਕਰਨ ਤੋਂ ਬਾਅਦ, ਲੀਡਰਸ਼ਿਪ ਨੇ ਅੱਜ ਪਟਿਆਲਾ ਅਤੇ ਬਰਨਾਲਾ ਵਿੱਚ ਆਪਣੀਆਂ ਮੀਟਿੰਗਾਂ ਦੌਰਾਨ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਗੱਲਬਾਤ ਕੀਤੀ ਪੰਜਾਬ ਸੂਬਾ ਪ੍ਰਧਾਨ ਨੇ ਕਿਲ੍ਹਾ ਚੌਂਕ, ਪਟਿਆਲਾ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ, “ਅਯੋਗ ਸੱਤਾਧਾਰੀ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਵਿੱਚ ਬੇਰੁਜ਼ਗਾਰੀ, ਭੁੱਖਮਰੀ , ਪ੍ਰੈਸ ਦੀ ਆਜ਼ਾਦੀ, ਭਾਰਤੀ ਰੁਪਏ ਦੀ ਗਿਰਾਵਟ, LPG ਦੀਆਂ ਵਧਦੀਆਂ ਕੀਮਤਾਂ, ਫਿਰਕੂ ਅਸ਼ਾਂਤੀ, ਭਾਰਤੀ ਖੇਤਰ 'ਤੇ ਚੀਨ ਦਾ ਨਾਜਾਇਜ਼ ਕਬਜ਼ਾ, ਨੋਟਬੰਦੀ, ਅਡਾਨੀ ਦੀ ਧੋਖਾਧੜੀ ਜਾਂ ਹਿੰਡਨਬਰਗ ਖੋਜ ਰਿਪੋਰਟ ਹੈ ਪਰ ਜੇਕਰ ਕੋਈ ਇਨ੍ਹਾਂ ਵਿਰੁੱਧ ਉਂਗਲ ਉਠਾਉਦਾ ਹੈ ਤਾਂ ਸਰਕਾਰ ਆਵਾਜ਼ ਦਬਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੰਦੀ ਹੈ।ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜ਼ਾਲਮ ਸ਼ਾਸਕਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਅਧਿਕਾਰਾਂ ਲਈ ਲੋਕਤੰਤਰ ਦੀ ਰਾਖੀ ਕਰੀਏ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਜੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਹਰਦਿਆਲ ਕੰਬੋਜ਼, ਸਾਬਕਾ ਵਿਧਾਇਕ ਜਗਤਾਰ ਸਿੰਘ ਰਜਾਲਾ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸੀਨੀਅਰ ਲੀਡਰ ਹੈਰੀ ਮਾਨ ਮੌਜੂਦ ਸਨ।