ਲੁਧਿਆਣਾ, 12 ਅਪ੍ਰੈਲ : ਰਾਮਗੜ੍ਹੀਆ ਗਰਲਜ਼ ਕਾਲਜ , ਮਿੱਲਰ ਗੰਜ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਖੇਤਰ ਦੀ ਪ੍ਰਮੁੱਖ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਤੇ ਜੀਵਨ 'ਤੇ ਅਧਾਰਿਤ ਇੱਕ ਪਾਤਰੀ ਨਾਟਕ "ਰਾਹਾਂ ਵਿੱਚ ਅੰਗਿਆਰ ਬੜੇ ਸੀ "ਅਕਸ ਰੰਗਮੰਚ ਸਮਰਾਲਾ ਵੱਲੋਂ ਲੇਖਕ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੇ ਨਿਗਰਾਨ ਹੇਠ ਖੇਡਿਆ ਗਿਆ। ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸੁਰਿੰਦਰ ਸਿੰਘ ਸੁੱਨੜ ਪ੍ਰਧਾਨ (ਲੋਕਮੰਚ ਪੰਜਾਬ )ਸੁਖਵਿੰਦਰ ਅੰਮ੍ਰਿਤ (ਸ਼੍ਰੋਮਣੀ ਪੰਜਾਬੀ ਕਵਿੱਤਰੀ) ਗ਼ਜ਼ਲਜੀਤ ਬੈਂਕਾਕ (ਪੰਜਾਬੀ ਸ਼ਾਇਰਾ) ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਸ਼੍ਰੀਮਤੀ ਰਜਿੰਦਰ ਕੌਰ (ਡਾਇਰੈਕਟਰ ਜੀ.ਐੱਸ. ਰੈਡੀਏਟਰਜ਼), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਵਿਦਿਆਰਥੀ ਭਲਾਈ,ਡਾ.ਨਿਰਮਲ ਜੌੜਾ ਸਮੇਤ ਸਤਿਕਾਰਤ ਮਹਿਮਾਨਾਂ ਦਾ ਕਾਲਜ ਵਿਹੜੇ ਪਹੁੰਚਣ 'ਤੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾਃ ਜਸਪਾਲ ਕੌਰ ਨੇ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਕਿਹਾ। ਨਾਟਕ ਪੇਸ਼ਕਾਰੀ ਤੋਂ ਪਹਿਲਾਂ ਸੁਖਵਿੰਦਰ ਅੰਮ੍ਰਿਤ ਨੇ “ਨੀ ਫੁੱਲਾਂ ਵਰਗੀਉ ਕੁੜੀਉ” ਗੀਤ ਸੁਣਾ ਕੇ ਦਰਸ਼ਕਾਂ ਨੂੰ ਆਪਣੇ ਨਾਲ ਤੋਰ ਲਿਆ। ਸਿੱਧਵਾਂ ਬੇਟ ਨੇੜੇ ਪਿੰਡ ਸਦਰਪੁਰਾ ਚ ਜਨਮੀ ਇਸ ਕਵਿੱਤਰੀ ਦਾ ਜੀਵਨ ਸੰਘਰਸ਼ ਕਰੜੀ ਮਿੱਟੀ ਵਿੱਚ ਉੱਗਣ ਵਰਗਾ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਸ ਨਾਟਕ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਨਾਟਕ ਔਰਤ ਦੇ ਜੀਵਨ ਸੰਘਰਸ਼ ਦੀ ਕਹਾਣੀ ਹੈ, ਕਿ ਕਿਵੇਂ ਔਕੜਾਂ ਮੁਸੀਬਤਾਂ ਨੂੰ ਪਾਰ ਕਰਦੀ ਹੋਈ ਉਹ ਆਪਣੀ ਮੰਜ਼ਲ ਤੱਕ ਪਹੁੰਚਦੀ ਹੈ। ਪ੍ਰਿੰਸੀਪਲ ਡਾਃ ਜਸਪਾਲ ਕੌਰ ਨੇ ਇਸ ਨਾਟਕ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਲਈ ਇਹ ਨਾਟਕ ਹਿੰਮਤ ਦਾ ਸੰਦੇਸ਼ ਦਿੰਦਾ ਹੈ ਕਿਵੇਂ ਔਖੇ ਰਾਹਾਂ ਵਿਚੋਂ ਗੁਜ਼ਰਦੀ ਹੋਈ ਔਰਤ ਰਸਤੇ ਦੀਆਂ ਕਠਿਨਾਈਆਂ ਤੋਂ ਡਰਦੀ ਨਹੀਂ ਸਗੋਂ ਹਿੰਮਤ ਅਤੇ ਹੌਂਸਲੇ ਨਾਲ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਅੱਗੇ ਵਧਦੀ ਆਪਣੇ ਮੁਕਾਮ 'ਤੇ ਪਹੁੰਚਦੀ ਹੈ। ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਨੂਰ ਕਮਲ ਨੇ ਆਪਣੀ ਅਦਾਕਾਰੀ ਦੇ ਨਾਲ ਜਿਸ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਬਾਰੇ ਇਹ ਇੱਕ ਪਾਤਰੀ ਨਾਟਕ ਪੇਸ਼ ਕੀਤਾ ਹੈ ਦਰਸ਼ਕ ਉਸ ਨਾਲ ਕੀਲੇ ਗਏ ਹਨ ਇਹ ਨਾਟਕ ਹਿੰਮਤ ਅਤੇ ਸਾਹਸ ਨਾਲ ਰਾਹਾਂ ਵਿਚਲੀਆਂ ਮੁਸੀਬਤਾਂ ਨੂੰ ਪਾਰ ਕਰਕੇ ਅੱਗੇ ਵਧਨ ਦਾ ਸੰਦੇਸ਼ ਦਿੰਦਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਔਰਤ ਵਿੱਚ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਥਾਹ ਸ਼ਕਤੀ ਤੇ ਹਿੰਮਤ ਹੈ ਇਸੇ ਹੀ ਹਿੰਮਤ ਦੀ ਬਾਤ ਪਾਉਂਦਾ ਇਹ ਨਾਟਕ ਹੈ। ਉਨ੍ਹਾਂ ਕਾਲਿਜ ਪ੍ਰਧਾਨ ਸਃ ਰਣਜੋਧ ਸਿੰਘ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਬਦੇ਼ਸ਼ ਯਾਤਰਾ ਤੇ ਹੋਣ ਦੇ ਬਾਵਜੂਦ ਸਾਰੇ ਪ੍ਰਬੰਧਾਂ ਲਈ ਯੋਗ ਅਗਵਾਈ ਤੇ ਨਿਰਦੇਸ਼ਨ ਦਿੱਤਾ। ਕਾਲਜ ਪਹੁੰਚੇ ਸਾਰੇ ਮਹਿਮਾਨਾਂ ਨੂੰ ਨਵਕਾਣਾ ਸਾਹਿਬ ਦੀ ਰਣਜੋਧ ਸਿੰਘ ਵੱਲੋਂ 2006 ਚ ਖਿੱਚੀ ਤਸਵੀਰ ਯਾਦਗਾਰੀ ਚਿੰਨ੍ਹ ਵਜੋਂ ਦੇ ਕੇ ਸਨਮਾਨਤ ਕੀਤਾ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਜੀ ਨੇ ਇਸ ਸਮਾਗਮ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ। ਇਸ ਮੌਕੇ ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਰੀਟਾਇਰਡ ਕਮਿਸ਼ਨਰ ਪੁਲੀਸ, ਗ਼ਜ਼ਲਜੀਤ ਕੌਰ ਬੈਂਕਾਕ,ਚਿਤਰਕਾਰ ਤੇ ਕਵੀ ਸਵਰਨਜੀਤ ਸਵੀ, ਜਸਪ੍ਰੀਤ ਅਮਲਤਾਸ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਦੀਪ ਜਗਦੀਪ ਸਿੰਘ, ਰਘਬੀਰ ਸਿੰਘ ਸੋਹਲ ਤੇ ਪਰਮਜੀਤ ਸਿੰਘ ਹਾਜ਼ਰ ਸਨ। ਮੰਚ ਸੰਚਾਲਨ ਡਾਃ ਹਰਵਿੰਦਰ ਕੌਰ ਨੇ ਬਾਖ਼ੂਬੀ ਕੀਤਾ।