ਫਾਜਿ਼ਲਕਾ, 23 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਗਾਮੀ ਧੂੰਦ ਦੀ ਰੁੱਤ ਦੌਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧੂੰਦ ਦੇ ਮੌਸਮ ਦੌਰਾਨ ਦੂਰ ਤੱਕ ਵਿਖਾਈ ਨਹੀਂ ਦਿੰਦਾ ਅਤੇ ਅਕਸਰ ਇਸ ਰੁੱਤ ਵਿਚ ਸੜਕ ਹਾਦਸੇ ਵੱਧ ਜਾਂਦੇ ਹਨ। ਪਰ ਜੇਕਰ ਸਾਵਧਾਨੀ ਰੱਖੀ ਜਾਵੇ ਤਾਂ ਇੰਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧੂੰਦ ਹੋਣ ਤੇ ਗੱਡੀ ਚਲਾਊਂਦੇ ਸਮੇਂ ਫੋਗ ਲਾਇਟਾਂ ਜਗਾ ਕੇ ਵਾਹਨ ਚਲਾਏ ਜਾਣ ਅਤੇ ਗੱਡੀ ਦੀਆਂ ਲਾਇਟਾਂ ਲੋ ਬੀਮ ਤੇ ਰੱਖੀਆਂ ਜਾਣ।ਵਾਹਨ ਆਪਣੀ ਲੇਨ ਵਿਚ ਹੀ ਚਲਾਓ।ਵਾਹਨ ਰੋਕਣ ਸਮੇਂ ਵਾਹਨ ਸੜਕ ਤੋਂ ਨੀਚੇ ਉਤਾਰ ਕੇ ਇਸ ਤਰਾਂ ਪਾਰਕ ਕਰੋ ਕਿ ਪਿੱਛੇ ਆ ਰਹੇ ਵਾਹਨ ਦੇ ਲਾਂਘੇ ਵਿਚ ਨਾ ਹੋਵੇ। ਵਾਹਨ ਹੌਲੀ ਚਲਾਓ। ਇਸੇ ਤਰਾਂ ਸੜਕ ਕਿਨਾਰੇ ਬਣੇ ਢਾਬਿਆਂ ਆਦਿ ਤੇ ਰੁਕਦੇ ਸਮੇਂ ਵੀ ਆਪਣਾ ਵਾਹਨ ਪੂਰੀ ਤਰਾਂ ਸੜਕ ਤੋਂ ਹਟਾ ਕੇ ਪਾਰਕ ਕਰੋ। ਦੋ ਵਾਹਨਾਂ ਵਿਚਕਾਰ ਉਚਿਤ ਦੂਰੀ ਰੱਖਦੇ ਹੋਏ ਵਾਹਨ ਚਲਾਓ। ਕੋਈ ਵੀ ਨਸ਼ਾ ਕਰਕੇ ਵਾਹਨ ਨਾ ਚਲਾਓ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਨ੍ਹਾਂ ਸਾਵਧਾਨੀਆਂ ਨਾਲ ਅਸੀਂ ਸੜਕ ਹਾਦਸੇ ਘੱਟ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਪੁਲਿਸ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਵਾਹਨ ਚਾਲਕਾਂ ਨੂੰ ਜਾਗਰੂਕ ਕਰੇ।