ਬਠਿੰਡਾ, 26 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ, ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ਼ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿੱਚ ਪ੍ਰੋ: ਬੂਟਾ ਸਿੰਘ ਸਿੱਧੂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪਵਿੱਤਰ ਆਤਮਾ, ਦੂਰਅੰਦੇਸ਼ੀ ਅਤੇ ਇੱਕ ਮਹਾਨ ਰਾਜਨੇਤਾ ਦੱਸਦਿਆਂ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ. ਦੀ ਸਥਾਪਨਾ ਵਿੱਚ ਉਹਨਾਂ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ, ਜਿਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੈਂਪਸ ਦੇ ਆਡੀਟੋਰੀਅਮ ਵਿਖੇ ਆਯੋਜਿਤ ਇੱਕ ਸੰਖੇਪ ਸ਼ੋਕ ਸਭਾ ਵਿੱਚ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਡਾ: ਗੁਰਿੰਦਰ ਪਾਲ ਸਿੰਘ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ਼ ਦੀ ਅਗਵਾਈ ਕਰਦਿਆਂ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮਹਾਨ ਆਗੂ ਵੱਲੋਂ ਦੇਸ਼ ਅਤੇ ਸੂਬੇ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਸ਼ਰਧਾ ਭੇਂਟ ਕੀਤੀ। ਪ੍ਰੋ. ਸਿੱਧੂ ਨੇ ਸਰਦਾਰ ਬਾਦਲ ਵੱਲੋਂ ਕੀਤੇ ਵਿਕਾਸ ਕਾਰਜਾਂ ਅਤੇ ਬਠਿੰਡੇ ਦੀ ਕਾਇਆਕਲਪ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।