- ਕੇਂਦਰ ਤੇ ਰਾਜ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਿਆ ਜਾਇਜ਼ਾ
- ਮਨੁੱਖੀ ਅਧਿਕਾਰ ਕਮਿਸ਼ਨ ਆਮ ਲੋਕਾਂ ਦੇ ਹੱਕਾਂ ਦੀ ਉਲੰਘਣਾ ਰੋਕਣ ਲਈ ਕਰ ਰਿਹੈ ਵੱਡੀ ਪੱਧਰ ਤੇ ਕੰਮ
ਫ਼ਤਹਿਗੜ੍ਹ ਸਾਹਿਬ, 24 ਜਨਵਰੀ : ਭਾਰਤ ਸਰਕਾਰ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੋਨੀਟਰ ਸ਼੍ਰੀ ਬਾਲ ਕ੍ਰਿਸ਼ਨ ਗੋਇਲ ਨੇ ਅੱਜ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਹਸਪਤਾਲ ਅੰਦਰ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਸਥਾਰ ਸਹਿਤ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦੇਸ਼ ਅੰਦਰ ਮਾਨਵੀ ਹੱਕਾਂ ਦੀ ਉਲੰਘਣਾ ਰੋਕਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੁਨੀਆਂ ਦਾ ਸਭ ਤੋਂ ਵੱਡਾ ਕਮਿਸ਼ਨ ਹੈ ਜਿਸ ਨੂੰ ਕਿ ਯੁਨਾਈਟਿਡ ਨੇਸ਼ਨ ਵੱਲੋਂ " ਏ " ਦਰਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜਾਣੇ-ਅਣਜਾਣੇ ਵਿੱਚ ਹੀ ਸਰਕਾਰੀ ਸੰਸਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਜੋ ਹੱਕ ਦਿੱਤੇ ਹਨ ਉਨ੍ਹਾਂ ਦੀ ਪਾਲਣਾ ਬਹੁਤ ਜਰੂਰੀ ਹੈ। ਸ਼੍ਰੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਵੱਖ-ਵੱਖ ਰਾਜਾਂ ਅੰਦਰ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੇਂਦਰ ਤੇ ਰਾਜ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤੱਕ ਯਕੀਨੀ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਵੱਲੋਂ ਮਾਨਸਾ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦਾ ਵੀ ਦੌਰਾ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਹਸਪਤਾਲ ਅੰਦਰ ਦਾਖਲ ਮਰੀਜਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਅਤੇ ਹਸਪਤਾਲ ਅੰਦਰ ਮਰੀਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੋਨੀਟਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਸਪਤਾਲ ਅੰਦਰ ਇਲਾਜ ਲਈ ਆਉਣ ਵਾਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਓਪੀਡੀ, ਇਨਡੋਰ, ਐਮਰਜਂਸੀ ,ਬਲੱਡ ਬੈਂਕ ਆਪਰੇਸ਼ਨ ਥੀਏਟਰ, ਗਾਇਨੀ ਵਾਰਡ, ਜਚਾ ਬੱਚਾ ਸਿਹਤ ਸੇਵਾਵਾਂ, ਆਦਿ ਦਾ ਨਿਰੀਖਣ ਕੀਤਾ। ਉਹਨਾਂ ਮੇਲ ਵਾਰਡ ਫੀਮੇਲ ਵਾਰਡ ਐਮਰਜਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨਾਂ ਹਸਪਤਾਲ ਵਿੱਚ ਪਏ ਕੰਡਮ ਸਮਾਨ ਨੂੰ ਰਾਈਟ ਆਫ ਕਰਾਉਣ ਲਈ ਕਿਹਾ, ਹਸਪਤਾਲ ਦੀ ਸਫਾਈ ਨੂੰ ਬਰਕਰਾਰ ਰੱਖਣ ਸਬੰਧੀ ਕਿਹਾ, ਹਸਪਤਾਲ ਵਿੱਚ ਖਾਲੀ ਪੋਸਟਾਂ ਦੀ ਪੁਜੀਸ਼ਨ ਬਾਰੇ ਸਰਕਾਰ ਨੂੰ ਵਾਰ-ਵਾਰ ਲਿਖਣ ਵਾਸਤੇ, ਅਤੇ ਹਸਪਤਾਲ ਵਿੱਚ ਖੜੀਆਂ ਕੰਡਮ ਐਂਬੂਲੈਂਸਾਂ ਦਾ ਨਿਪਟਾਰਾ ਕਰਨ ਲਈ ਵੀ ਕਿਹਾ। ਮੀਟਿੰਗ ਵਿੱਚ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਸਹਾਇਕ ਸਿਵਲ ਸਰਜਨ ਸਵਪਨਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਡਾ ਸੀਖਾ, ਨਰਸਿੰਗ ਸਿਸਟਰ ਪਰਮਿੰਦਰ ਕੌਰ ਵੀ ਹਾਜਰ ਸਨ।