- ਕੈਂਪ ਦੌਰਾਨ ਪ੍ਰਾਪਤ ਜਨਤਕ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਨਿਬੇੜਾ
ਮਾਲੇਰਕੋਟਲਾ 04 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀ ਅਵਾਮ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਦਾ ਉਨ੍ਹਾਂ ਦੇ ਬੂਹੇ 'ਤੇ (ਪਿੰਡਾਂ ਵਿੱਚ ਜਾ ਕੇ) ਨਿਪਟਾਰਾ ਕਰਨ ਦੇ ਯਤਨਾਂ ਤਹਿਤ 6 ਫਰਵਰੀ, 2024 ਤੋਂ 'ਪੰਜਾਬ ਸਰਕਾਰ, ਤੁਹਾਡੇ ਦੁਆਰ' ਤਹਿਤ ਜ਼ਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜਨਾਂ ਅਧੀਨ ਆਉਂਦੇ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ ਵਿਸ਼ੇਸ ਕੈਂਪ ਲਗਾਏ ਜਾਣਗੇ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਇਕ ਸਬ ਡਵੀਜ਼ਨ ਵਿੱਚ ਰੋਜ਼ਾਨਾ 4 ਕੈਂਪ ਲਗਾਏ ਜਾਣਗੇ। ਜਿਨ੍ਹਾਂ ਦੀ ਅਗਵਾਈ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਨੋਡਲ ਅਫਸਰ ਦੀ ਭੂਮਿਕਾ ਪੇਂਡੂ ਖੇਤਰਾਂ ਵਿੱਚ ਐਸ.ਡੀ.ਐਮਜ਼/ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਸੌਂਪੀ ਗਈ ਹੈ ।ਸਵੇਰੇ ਵਾਲੇ ਕੈਂਪ ਦਾ ਸਮਾਂ 09-00 ਵਜੇ ਤੋਂ 01-00 ਵਜੇ ਤੱਕ ਜਦਕਿ ਬਾਅਦ ਦੁਪਹਿਰ ਵਾਲੇ ਕੈਂਪ ਦਾ ਸਮਾਂ 02-00 ਵਜੇ ਤੋਂ ਸ਼ਾਮ 05-00 ਵਜੇ ਤੱਕ ਹੋਵੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਟੀਚਾ ਅਵਾਮ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਨਿਬੇੜਾ ਕਰਨ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਕੈਂਪਾਂ ਵਿੱਚ ਸ਼ਿਕਾਇਤ ਨਿਵਾਰਨ ਵਿਧੀ ਤੋਂ ਇਲਾਵਾ 45 (ਪਹਿਲਾਂ 43) ਡੋਰ-ਟੂ-ਡੋਰ ਸੇਵਾਵਾਂ (ਡਾਇਲ 1076) ਨਾਲ ਸਬੰਧਤ ਵਸਨੀਕਾਂ ਨੂੰ ਮੌਕੇ 'ਤੇ ਉਪਲਬਧ ਕਰਵਾਉਣ ਦੇ ਵੀ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਸ਼ੇਸ਼ ਤੌਰ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਦਾ ਨਿਪਟਾਰਾ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ਵਿੱਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ਵਿੱਚ ਤਬਦੀਲੀ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮੁਸ਼ਕਿਲਾਂ ਲੈ ਕੇ ਆਉਂਣ ਵਾਲੇ ਲੋਕਾਂ ਦੇ ਬੈਠਣ,ਪੀਣ ਯੋਗ ਸਾਫ ਸੁਥਰਾ ਪਾਣੀ, ਆਦਿ ਦਾ ਪੁਖੱਤਾ ਪ੍ਰਬੰਧਾ ਦੇ ਨਾਲ ਨਾਲ ਹੈਲਪ ਡੈਸਕ ਵੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਕਿਸੇ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ । ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪਾਂ ਦੌਰਾਨ ਆਮ ਲੋਕਾਂ ਨਾਲ ਬਹੁਤ ਹੀ ਪਿਆਰ ਅਤੇ ਮਿਲਵਰਤਣ ਨਾਲ ਵਿਵਹਾਰ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਬੂਹਿਆਂ ਤੇ ਆਪਣੀਆਂ ਸਮੱਸਿਆ ਦਾ ਹੱਲ ਕਰਵਾਉਣ ।