- ਲੋਕ ਆਪਣੇ ਸਰਕਾਰੀ ਵਿਭਾਗਾਂ ਸਬੰਧੀ ਕੰਮ ਆਪਣੇ ਘਰ ਦੇ ਨੇੜੇ ਕਰਵਾ ਸਕਦੇ ਹਨ, ਡਿਪਟੀ ਕਮਿਸ਼ਨਰ
- ਮਹਿਲ ਕਲਾਂ ਵਿਖੇ ਨਵੇਂ ਵਿਆਹੇ ਜੋੜੇ ਦੀ ਕੀਤੀ ਗਈ ਰਜਿਸਟ੍ਰੇਸ਼ਨ
ਬਰਨਾਲਾ, 7 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਭਲਾਈ ਦੀਆਂ ਸਕੀਮਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਦੇਣ ਲਈ ਆਪ ਦੀ ਸਰਕਾਰ, ਆਪ ਦੇ ਦਵਾਰ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸਬ ਡਵੀਜ਼ਨਾਂ ‘ਚ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਸ ਉਪਰਾਲੇ ਦਾ ਲਾਹਾ ਲੈਂਦੇ ਹੋਏ ਨਵਾਂ ਵਿਆਹੁਤਾ ਜੋੜਾ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਿੰਡ ਗੰਗੋਹਰ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਲਗਾਏ ਗਏ ਕੈਂਪ ‘ਚ ਆਪਣਾ ਵਿਆਹ ਰਜਿਸਟਰ ਕਰਵਾਉਣ ਆਏ ਸਨ।ਇੰਦਰਜੀਤ ਸਿੰਘ ਵਾਸੀ ਕੁਰੜ ਦਾ ਵਿਆਹ ਗੁਰਿੰਦਰ ਜੀਤ ਕੌਰ ਨਾਲ 19 ਜਨਵਰੀ ਨੂੰ ਹੋਇਆ ਸੀ। ਉੱਪ ਮੰਡਲ ਮੈਜਿਸਟ੍ਰੇਟ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਕੈਂਪ ‘ਚ ਜੋੜੇ ਨੇ ਅੱਜ ਹੀ ਬਿਨੈ ਪੱਤਰ ਦਿੱਤਾ ਅਤੇ ਅੱਜ ਹੀ ਮੌਕੇ ਉੱਤੇ ਉਨ੍ਹਾਂ ਨੂੰ ਵਿਆਹ ਦੇ ਰਜਿਸਟ੍ਰੇਸ਼ਨ ਸਬੰਧੀ ਸਰਟੀਫਿਕੇਟ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਲੋਕਾਂ ਨੂੰ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਉਸਾਰੀ ਕਿਰਤੀਆਂ ਦੇ ਕਾਰਡ ਨਵਿਆਉਣ, ਜਨਮ ਸਰਟੀਫਿਕੇਟ ‘ਚ ਸੋਧ ਕਰਨ ਸਬੰਧੀ ਅਤੇ ਹੋਰ ਕੰਮ ਮੌਕੇ ਉੱਤੇ ਕੈਂਪ ‘ਚ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪ੍ਰਾਪਤ ਦਰਖਾਸਤਾਂ ਦੀ ਐਂਟਰੀ ਇਕ ਵਿਸ਼ੇਸ਼ ਸਾਫਟਵੇਅਰ ‘ਚ ਕੀਤੀ ਜਾਂਦੀ ਹੈ ਜਿਸ ਦੀ ਨਿਗਰਾਨੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਹਰ ਇਕ ਬਿਨੈਕਾਰ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਤਾਂ ਜੋ ਜੇ ਕਰ ਕਿਸੇ ਦੀ ਬਿਨੈਕਾਰ ਨੂੰ ਸੇਵਾ ਦੇਣ ‘ਚ ਦੇਰੀ ਹੁੰਦੀ ਹੈ ਜਾਂ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਸਬੰਧੀ ਰਿਕਾਰਡ ਆਸਾਨੀ ਨਾਲ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ‘ਚ ਪੁੱਜ ਕੇ ਲਾਹਾ ਲੈਣ। ਉਨ੍ਹਾਂ ਦੱਸਿਆ 43 ਤਰੀਕੇ ਦੀਆਂ ਲੋਕ ਭਲਾਈ ਸੇਵਾਵਾਂ ਸਬੰਧੀ ਕੰਮ ਇਨ੍ਹਾਂ ਕੈਂਪਾਂ 'ਚ ਨਬੇੜੇ ਜਾ ਰਹੇ ਹਨ । ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਵਿਆਹ ਦੀ ਰਜਿਸਟਰੇਸ਼ਨ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ 'ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ 'ਚ ਤਬਦੀਲੀ ਆਦਿ ਸ਼ਾਮਲ ਹਨ। ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜਰੂਰੀ ਹੈ।