ਕੋਟਕਪੂਰਾ 10 ਫ਼ਰਵਰੀ : ਪੰਜਾਬ ਵਿਧਾਨ ਸਭਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾ ਨੇ ਕੋਟਕਪੂਰਾ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਸ਼ਹਿਰ ਦੇ ਮੇਨ ਰੋਡ ਤੇ ਲਗਾਏ ਜਾ ਰਹੇ ਕੂੜੇ ਦੇ ਢੇਰ, ਡੰਪ, ਕੁਝ ਮੁਹੱਲਿਆਂ ਵਿੱਚ ਗਲੀਆਂ ਨਾਲੀਆਂ ਅਤੇ ਹੋਰ ਅਨੇਕਾਂ ਥਾਵਾਂ ਦੀ ਸਫਾਈ ਕਰਵਾਉਣ ਦੇ ਮੰਤਵ ਨਾਲ ਦਫਤਰ ਨਗਰ ਕੌਂਸਲ, ਕੋਟਕਪੂਰਾ ਵਿਖੇ ਸਫਾਈ ਲਈ ਵਰਤੀਆਂ ਜਾਣ ਵਾਲੀਆਂ 16 ਟਾਟਾ ਏਸ ਗੱਡੀਆਂ ਰਵਾਨਾ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ 1 ਕਰੋੜ 20 ਲੱਖ ਦੀ ਲਾਗਤ ਦੇ ਨਾਲ 30 ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਸ਼ਹਿਰ ਦੀ ਸਫਾਈ ਕਰਨ ਵਿਚ ਸਹਾਈ ਹੋਣ ਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਲੋਕ ਅੱਡ-ਅੱਡ ਪਾਉਣ। ਇਨ੍ਹਾਂ ਗੱਡੀਆਂ ਵਿਚ ਅਲੱਗ-ਅਲੱਗ ਖਾਨੇ ਬਣੇ ਹੋਏ ਹਨ, ਜੇਕਰ ਲੋਕ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਗੇ ਤਾਂ ਸ਼ਹਿਰ ਵਿਚ ਗੰਦਗੀ ਨਹੀਂ ਫੈਲੇਗੀ ਅਤੇ ਹਲਕਾ ਕੋਟਕਪੂਰਾ ਸਾਫ਼-ਸੁਥਰਾ ਰਹੇਗਾ। ਉਨ੍ਹਾਂ 16 ਟਾਟਾ ਏਸ ਗੱਡੀਆਂ ਰਵਾਨਾ ਕਰਦਿਆਂ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ ਅਤੇ ਲੋਕਾਂ ਦੀ ਭਲਾਈ ਲਈ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਸਦਕਾ ਹੀ 16 ਗੱਡੀਆਂ ਸ਼ਹਿਰ ਵਿਚ ਆ ਚੁੱਕੀਆਂ ਹਨ ਅਤੇ 14 ਹੋਰ ਆਉਣਗੀਆਂ। ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾ, ਪੀਆਰ ਮਨਪ੍ਰੀਤ ਸਿੰਘ ਧਾਲੀਵਾਲ, ਈਓ ਨਗਰ ਕੌਂਸਲ ਅਮਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ, ਜੇਈ ਸੁਖਦੀਪ ਸਿੰਘ, ਐਮਸੀ ਮਨਜਿੰਦਰ ਗੋਪੀ, ਸੁਖਜਿੰਦਰ ਸਿੰਘ ਤੱਖੀ, ਐਮਸੀ ਅਰੁਣ ਚਾਵਲਾ, ਐਮਸੀ ਸੁਖਵਿੰਦਰ ਸਿੰਘ ਹਾਜਰ ਸਨ।