ਕੋਟਕਪੂਰਾ, 10 ਮਈ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਸਿਵਲ ਸਰਜਨ ਅਤੇ ਐਸ.ਐਮ.ਓਜ਼ ਨਾਲ ਬੈਠਕ ਕਰਕੇ ਜਿਲ੍ਹੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਮਰੀਜਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁੱਹਈਆਂ ਕਰਵਾਈਆਂ ਜਾਣ ਅਤੇ ਹਰ ਕਿਸਮ ਦਾ ਸਸਤਾ ਇਲਾਜ ਹੋ ਸਕੇ। ਸਿਵਲ ਸਰਜਨ ਸ੍ਰੀ ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁੱਹਈਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਏ.ਸੀ., ਡਾਇਆਲਸਿਸ, ਸਕਿਊਰਿਟੀ ਗਾਰਡ, ਪੈਰਾ ਮੈਡੀਕਲ ਸਟਾਫ, ਮੈਨਟੇਂਨਸ ਸਮੇਤ ਹੋਰ ਸਮੱਸਿਆਵਾਂ ਸਬੰਧੀ ਸਪੀਕਰ ਸਾਹਿਬ ਨੂੰ ਜਾਣੂ ਕਰਵਾਇਆ। ਇਸ ਦੇ ਸਪੀਕਰ ਸਾਹਿਬ ਨੇ ਕਿਹਾ ਕਿ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਵਿੱਚ ਜੋ ਵੀ ਸਮਸਿਆਵਾਂ ਪੇਸ਼ ਆਉਂਦੀਆਂ ਹਨ ਅਤੇ ਜਿਸ ਸਮਾਨ ਦੀ ਖਰੀਦ ਕਰਨੀ ਬੇਹੱਦ ਜਰੂਰੀ ਹੈ, ਇਸ ਸਬੰਧੀ ਐਸਟੀਮੇਂਟ ਅਤੇ ਵਿਸਥਾਰ ਨਾਲ ਰਿਪੋਰਟ ਬਣਾ ਕੇ ਦਿੱਤੀ ਜਾਵੇ ਤਾਂ ਜੋ ਉੱਚ ਪੱਧਰ ਤੇ ਫੰਡਜ਼ ਮੁੱਹਈਆਂ ਕਰਵਾਏ ਜਾ ਸਕਣ। ਇਸ ਦੌਰਾਨ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 05 ਲੱਖ ਰੁਪਏ ਦੀ ਰਾਸ਼ੀ ਨਾਲ ਏ.ਸੀ. ਅਤੇ ਬੈਠਣ ਵਾਲੀਆਂ ਕੁਰਸੀਆਂ ਦੇ ਸੈੱਟ ਦੇਣ ਦੀ ਘੋਸ਼ਣਾ ਵੀ ਕੀਤੀ। ਮੀਟਿੰਗ ਦੌਰਾਨ ਜਸਬੀਰ ਸਿੰਘ ਨੇ ਡੇਢ ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ। ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸਿਹਤ ਸੰਭਾਲ ਸਬੰਧੀ ਜੋ ਵੀ ਜਰੂਰੀ ਵਸਤੂਆਂ ਹਨ, ਉਨ੍ਹਾਂ ਦੀ ਖਰੀਦ ਕੀਤੀ ਜਾਵੇਗੀ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਚੰਦਰ ਸ਼ੇਖਰ ਤੋਂ ਇਲਾਵਾ ਹੋਰ ਐਸ.ਐਮ.ਓਜ਼ ਅਤੇ ਅਧਿਕਾਰੀ ਸਾਹਿਬਾਨ ਵੀ ਮੌਜੂਦ ਸਨ।