- ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 100 ਫੀਸਦੀ ਨਿਪਟਾਰਾ ਕਰਨ ਨੂੰ ਬਣਾਇਆ ਜਾ ਰਿਹੈ ਯਕੀਨੀ
- ਪ੍ਰਚਾਰ ਵੈਨਾ ਰਾਹੀਂ ਲੋਕਾਂ ਨੂੰ ਕੈਂਪਾਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ
ਫ਼ਤਹਿਗੜ੍ਹ ਸਾਹਿਬ, 12 ਫਰਵਰੀ : ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਜ਼ਿਲ੍ਹੇ ਦੇ ਪਿੰਡ ਬਡਾਲੀ ਆਲਾ ਸਿੰਘ ਪਿੰਡ ਰਈਆ, ਬਡਾਲਾ ਅਤੇ ਭੋਲੀਆਂ ਸਮੇਤ ਹੋਰ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 06 ਫਰਵਰੀ ਤੋਂ 10 ਫਰਵਰੀ ਤੱਕ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਭਗ 75 ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਰੀਬ 1965 ਵਿਅਕਤੀਆਂ ਵੱਲੋਂ ਵੱਖ-ਵੱਖ ਸੇਵਾਵਾਂ ਹਾਸਲ ਕਰਨ ਲਈ ਅਪਲਾਈ ਕੀਤਾ ਗਿਆ ਅਤੇ ਜਿਸ ਵਿੱਚੋਂ 1494 ਨਾਗਰਿਕਾਂ ਨੂੰ ਮੌਕੇ ਤੇ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਬਾਕੀ ਸੇਵਾਵਾਂ ਛੇਤੀ ਹੀ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ 100 ਫੀਸਦੀ ਨਿਪਟਾਰੇ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕੋਈ ਵੀ ਨਾਗਰਿਕ ਸੇਵਾਵਾਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਕੈਂਪਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕਰਵਾਈਆਂ ਗਈਆਂ ਪ੍ਰਚਾਰ ਵੈਨਾਂ ਦਾ ਵੀ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ ਕਿਉਂਕਿ ਇਨ੍ਹਾਂ ਵੈਨਾਂ ਰਾਹੀਂ ਜਿਥੇ ਲੋਕਾਂ ਨੂੰ ਕੈਂਪ ਲੱਗਣ ਤੋਂ ਇੱਕ ਦਿਨ ਪਹਿਲਾਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਉਥੇ ਹੀ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵੀ ਦੱਸਿਆ ਜਾਂਦਾ ਹੈ ਤਾਂ ਜੋ ਸਾਰੇ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਲਾਭ ਉਠਾ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਰੋਜ਼ਾਨਾਂ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ ਦੇ ਸਾਰੇ ਨਾਗਰਿਕ ਆਪਣੀ ਲੋੜ ਦੀਆਂ ਸੇਵਾਵਾਂ ਹਾਸਲ ਕਰ ਸਕਣ। ਇਸ ਲਈ ਸਮੂਹ ਨਾਗਰਿਕ ਆਪੋ ਆਪਣੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕੈਂਪਾਂ ਵਿੱਚ ਪਹੁੰਚਣ ਤਾਂ ਜੋ ਉਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜਰ ਸਨ।