- ਅੰਤਿਮ ਅਰਦਾਸ 4 ਜਨਵਰੀ ਨੂੰ ਫਿਲੌਰ ਵਿਖੇ ਹੋਵੇਗੀ
ਲੁਧਿਆਣਾ 30 ਦਸੰਬਰ : ਲੁਧਿਆਣਾ ਦੇ ਪ੍ਰਸਿੱਧ ਫੋਟੋ ਪੱਤਰਕਾਰ ਹਰਵਿੰਦਰ ਸਿੰਘ ਕਾਲ਼ਾ ਦੇ ਜਵਾਨ ਉਮਰੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਕਾਲ਼ਾ ਪਿਛਲੇ ਤੀਹ ਸਾਲ ਤੋਂ ਰੋਜ਼ਾਨਾ ਅਖ਼ਬਾਰਾਂ ਲਈ ਫੋਟੋਗਰਾਫੀ ਕਰਦਾ ਸੀ। ਉਸ ਦੀ ਸ਼ਖ਼ਸੀਅਤ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਸੀ। ਰੋਜ਼ਾਨਾ ਅਜੀਤ ਦੇ ਲੁਧਿਆਣਾ ਤੋਂ ਪ੍ਰੈਸ ਫੋਟੋਗ੍ਰਾਫਰ ਹਰਿੰਦਰ ਸਿੰਘ ਕਾਕਾ ਨਾਲ ਲੰਮਾ ਸਮਾਂ ਉਸਨੇ ਆਪਣੇ ਕੰਮ ਦੌਰਾਨ ਨਿਵੇਕਲੀ ਪਛਾਣ ਬਣਾਈ ਸੀ। ਉਹ ਫਿਲੌਰ ਦਾ ਜੰਮਪਲ ਸੀ। ਕਾਲ਼ੇ ਨੇ ਜੁਝਾਰ ਟਾਈਮਜ਼ ਅਤੇ ਪੰਜਾਬੀ ਜਾਗਰਣ ਨਾਲ ਵੀ ਕੁਝ ਸਮਾਂ ਸਾਂਝ ਪਾਈ। ਉਸਦੀ ਸ਼ਾਦੀ ਜਸਵਿੰਦਰ ਕੌਰ ਨਾਲ ਹੋਈ ਸੀ ਅਤੇ ਉਸਦੀ ਇੱਕ ਬੇਟੀ ਏਕਮਪ੍ਰੀਤ ਕੌਰ ਹੈ। ਕਾਲਾ ਫੋਟੋ ਜ਼ਰਨਲਿਸਟ ਐਸੋਸੀਏਸ਼ਨ ਦਾ ਉਹ ਸਰਗਰਮ ਮੈਂਬਰ ਸੀ ਅਤੇ ਹਰ ਸਾਲ ਪੰਜਾਬੀ ਭਵਨ ਵਿੱਚ ਫੋਟੋ ਪ੍ਰਦਰਸ਼ਨੀ ਵਿੱਚ ਵਧ ਚੜ੍ਹ ਕੇ ਹਿੱਸਾ ਲੈਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਉਹ ਸ਼ੂਗਰ ਰੋਗ ਵੱਧ ਜਾਣ ਕਾਰਨ ਹਸਪਤਾਲ ਦਾਖ਼ਲ ਸੀ ਜਿੱਥੇ 26 ਦਸੰਬਰ ਨੂੰ ਉਸ ਤੜਕੇ ਅੰਤਿਮ ਸਾਹ ਲਿਆ। ਹਰਵਿੰਦਰ ਸਿੰਘ ਕਾਲਾ ਨਮਿਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਜਨਵਰੀ 2024 ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਰਣਜੀਤ ਗੜ੍ਹ ਫਿਲੌਰ (ਜਲੰਧਰ)ਵਿੱਖੇ ਹੋਵੇਗੀ।