ਮੁੱਲਾਂਪੁਰ ਦਾਖਾ 30 ਦਸੰਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਸੰਗਰਾਮੀ ਸੱਦੇ 'ਤੇ ਅੱਜ ਬਢੇਲ ਚੌਂਕ (ਸੁਧਾਰ) ਵਿਖੇ ਅਕਤੂਬਰ 23 ਦੇ ਪਹਿਲੇ ਹਫਤੇ ਤੋਂ ਫਲਸਤੀਨ ਉੱਪਰ ਅਮਰੀਕਨ ਸਾਮਰਾਜਵਾਦ ਦੀ ਸਰਪ੍ਰਸਤੀ ਹੇਠ, ਇਜ਼ਰਾਇਲੀ ਜੰਗਬਾਜਾਂ ਵੱਲੋਂ ਠੋਸੀ ਨਹੱਕੀ ਤੇ ਬੇਤਹਾਸ਼ਾ ਮਨੁੱਖੀ ਘਾਣ ਕਰਨ ਵਾਲੀ ਜੰਗ ਵਿਰੁੱਧ ਰੋਸ- ਪ੍ਰਦਰਸ਼ਨ ਕਰਕੇ, ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਵਰਨਣ ਕੀਤਾ ਕਿ ਪਹਿਲਾਂ ਫਲਸਤੀਨ ਦੇ ਇਲਾਕੇ ਉੱਤਰੀ ਗਾਜ਼ਾ , ਪਿੱਛੋਂ ਓਸੇ ਤਰਜ 'ਤੇ ਦੱਖਣੀ ਗਾਜ਼ਾ ਅਤੇ ਪੱਛਮੀ ਕੰਢਾ ਇਲਾਕਿਆ ਅੰਦਰ ਹਸਪਤਾਲਾਂ, ਸਕੂਲਾਂ, ਕਾਲਜਾਂ, ਰਿਹਾਇਸ਼ੀ ਖੇਤਰਾਂ ਤੇ ਰਿਫਿਊਜੀ ਕੈਂਪਾਂ ਅੰਦਰ ਹਵਾਈ ਬੰਬਾਰੀ ਅਤੇ ਟੈਂਕਾਂ- ਤੋਪਾਂ ਵਾਲੇ ਸਿੱਧੇ ਜ਼ਮੀਨੀ ਹਮਲਿਆਂ ਰਾਹੀਂ ਅੱਜ ਤੱਕ 55% ਦੇ ਕਰੀਬ ਮਾਸੂਮ ਬੱਚਿਆਂ ਸਮੇਤ ਵੀਹ ਹਜ਼ਾਰ ਤੋਂ ਉੱਪਰ ਬੇਦੋਸ਼ੇ ਸਿਵਲੀਅਨ ਲੋਕਾਂ ਦਾ ਕਤਲੇਆਮ ਕਰਕੇ, 23 ਲੱਖ ਵਿੱਚੋਂ 19 ਲੱਖ ਲੋਕਾਂ ਨੂੰ ਉਜਾੜ ਕੇ, ਜੰਗਾਂ ਸਬੰਧੀ ਯੂ.ਐਨ.ਓ. ਚਾਰਟਰ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਜਨੇਵਾ ਕਨਵੈਨਸਨਾਂ ਦੇ ਸਾਰੇ ਸਿਧਾਂਤਾਂ, ਨਿਯਮਾਂ ਤੇ ਸਮਝੌਤਿਆਂ ਤੇ ਪਰਖੱਚੇ ਉਡਾ ਕੇ ਰੱਖ ਦਿੱਤੇ ਹਨ। ਆਗੂਆਂ ਨੇ ਦੱਸਿਆ ਕਿ ਯੂ.ਐਨ.ਓ. ਦੀ ਜਨਰਲ ਅਸੈਂਬਲੀ ਦੇ 124 ਮੁਲਕਾਂ ਵੱਲੋਂ ਜੰਗਬੰਦੀ ਦੇ ਪਾਸ ਕੀਤੇ ਮਤੇ ਦੀਆਂ ਧੱਜੀਆਂ ਉਡਾ ਕੇ ਇਜਰਾਇਲੀ ਧਾੜਵੀਆਂ ਨੇ ਪੂਰੇ ਫਲਸਤੀਨ ਤੇ ਆਪਦਾ ਪੱਕਾ ਕਬਜ਼ਾ ਕਰਨ ਲਈ ਅੱਜ ਵੀ ਜੰਗ ਨੂੰ ਜਾਰੀ ਰੱਖਿਆ ਹੋਇਆ ਹੈ, ਦੂਜੇ ਪਾਸੇ ਅਮਰੀਕੀ ਸਾਮਰਾਜਵਾਦੀਆਂ ਨੇ ਜਿੱਥੇ ਯੂ.ਐਨ. ਸਕਿਉਰਟੀ ਕੌਂਸਲ ਵਿੱਚ ਜੰਗਬੰਦੀ ਦੇ ਵਿਰੁੱਧ ਵੀਟੋ ਪਾਵਰ ਵਰਤੀ ਹੈ, ਉੱਥੇ ਇਜ਼ਰਾਇਲ ਨੂੰ ਨੰਗੀ ਚਿੱਟੀ ਫੌਜੀ, ਆਰਥਿਕ ਤੇ ਇਖਲਾਕੀ ਮੱਦਦ ਜਾਰੀ ਰੱਖੀ ਹੈ। ਆਗੂਆਂ ਨੇ ਆਖਿਆ ਕਿ ਇੱਕ ਪਾਸੇ ਇਜ਼ਰਾਇਲ ਅਤੇ ਅਮਰੀਕਾ ਸਮੇਤ ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚੋਂ ਹਜ਼ਾਰਾਂ/ ਲੱਖਾਂ ਲੋਕ ਸੜਕਾਂ 'ਤੇ ਨਿਤਰ ਇਜ਼ਰਾਇਲ ਦੇ ਵਿਰੁੱਧ ਤੇ ਫਲਸਤੀਨ ਦੇ ਪੱਖ 'ਚ ਫੌਰੀ ਜੰਗਬੰਦੀ ਲਈ ਹੱਕੀ ਅਵਾਜ਼ ਉੱਚੀ ਕਰ ਰਹੇ ਹਨ, ਦੂਜੇ ਪਾਸੇ ਫਲਸਤੀਨ ਦੀ ਜੁਝਾਰੂ ਕੌਮ ਅੱਤ ਔਖੀਆਂ ਹਾਲਤਾਂ ਵਿੱਚ ਦੁਸ਼ਮਣ ਇਜ਼ਰਾਈਲ ਨਾਲ ਹੱਕੀ ਟਾਕਰਾ ਕਰਦੀ ਹੋਈ, ਕੌਮੀ ਆਜ਼ਾਦੀ ਦੇ ਸੰਗਰਾਮ ਨੂੰ ਅੱਗੇ ਤੋਰ ਰਹੀ ਹੈ। ਅੱਜ ਦੇ ਰੋਸ ਪ੍ਰਦਰਸ਼ਨ 'ਚ ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ, ਜਸਵੰਤ ਸਿੰਘ ਮਾਨ, ਵਿਜੇ ਕੁਮਾਰ ਪੰਡੋਰੀ, ਜਗਮੋਹਣ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਬਲਵਿੰਦਰ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਸਰਜੀਤ ਸਿੰਘ ਸਵੱਦੀ, ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਗੁਰਮੀਤ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਰਣਜੀਤ ਸਿੰਘ ਗੁੜੇ, ਅਵਤਾਰ ਸਿੰਘ ਸੰਗਤਪੁਰਾ ਉਚੇਚੇ ਤੌਰ ਤੇ ਸ਼ਾਮਿਲ ਹੋਏ।