ਪਟਿਆਲਾ ਜ਼ਿਲ੍ਹੇ ਦੀਆਂ 108 ਮੰਡੀਆਂ ‘ਚ ਕਣਕ ਦੀ ਰਿਕਾਰਡ ਖਰੀਦ, ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ : ਡਿਪਟੀ ਕਮਿਸ਼ਨਰ

ਪਟਿਆਲਾ, 2 ਮਈ : ਪਟਿਆਲਾ ਜ਼ਿਲ੍ਹੇ ਦੀਆਂ 108 ਮੰਡੀਆਂ ‘ਚ ਕਣਕ ਦੀ ਰਿਕਾਰਡ ਖਰੀਦ ਬਾਅਦ ਹੁਣ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ, ਕਿਉਂਕਿ ਜ਼ਿਲ੍ਹੇ ‘ਚ ਹੁਣ ਕਣਕ ਦੀ ਆਮਦ ਘਟਕੇ ਕੇਵਲ 2487 ਮੀਟ੍ਰਿਕ ਟਨ ਦੀ ਹੀ ਰਹਿ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਆਨਲਾਈਨ ਮੀਟਿੰਗ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਿਣਸ ਵੇਚਣ ਸਮੇਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਅਤੇ ਉਨ੍ਹਾਂ ਨੂੰ 1835.98 ਕਰੋੜ ਰੁਪਏ ਦੀ ਅਦਾਇਗੀ ਵੀ ਨਾਲੋ-ਨਾਲ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਰਿਕਾਰਡ 8 ਲੱਖ 78 ਹਜ਼ਾਰ 98 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਇਹ ਸਾਰੀ ਦੀ ਸਾਰੀ ਖਰੀਦ ਲਈ ਗਈ ਹੈ। ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਹੁਣ ਇਸ ਖਰੀਦੀ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ ਕੀਤਾ ਗਿਆ ਹੈ ਅਤੇ ਮੰਡੀਆਂ ‘ਚੋਂ 6 ਲੱਖ ਮੀਟ੍ਰਿਕ ਟਨ ਦੇ ਲਗਪਗ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਸਾਰੀ ਖਰੀਦੀ ਕਣਕ ਦੀ ਚੁਕਾਈ ਕਰਵਾ ਦਿੱਤੀ ਜਾਵੇਗੀ।