- ਅਰੋੜਾ ਨੇ ਸਾਈਕਲ ਉਦਯੋਗ ਨੂੰ ਸਾਈਕਲ ਲੇਨ ਸਥਾਪਤ ਕਰਨ ਲਈ ਐਨਐਚਏਆਈ ਨੂੰ ਅਪੀਲ ਕਰਨ ਦਾ ਦਿੱਤਾ ਭਰੋਸਾ
ਲੁਧਿਆਣਾ, 4 ਜੂਨ : ਲੁਧਿਆਣਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸਾਈਕਲ ਲੇਨ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਲੁਧਿਆਣਾ ਤੋਂ 'ਆਪ' ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਉਹ ਜੂਨ ਨੂੰ ਇਸ ਮਾਮਲੇ ਨੂੰ ਐਨ.ਐਚ.ਏ.ਆਈ. (ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ) ਦੇ ਚੇਅਰਮੈਨ ਦੇ ਸਾਹਮਣੇ ਉਠਾਉਣਗੇ।ਉਨ੍ਹਾਂ ਕਿਹਾ, "ਮੈਂ ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਅਪੀਲ ਕਰਾਂਗਾ ਕਿ ਨਾ ਸਿਰਫ਼ ਲੁਧਿਆਣਾ ਵਿੱਚ ਬਲਕਿ ਪੂਰੇ ਪੰਜਾਬ ਵਿੱਚ ਜਿੱਥੇ ਵੀ ਸੰਭਵ ਹੋਵੇ ਸਾਈਕਲ ਲੇਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।" ਅਰੋੜਾ ਸ਼ਨੀਵਾਰ ਨੂੰ 'ਵਿਸ਼ਵ ਸਾਈਕਲ ਦਿਵਸ' ਦੇ ਮੌਕੇ 'ਤੇ ਇੱਥੇ ਆਯੋਜਿਤ ਦੂਜੇ ਏ.ਆਈ.ਸੀ.ਐੱਮ.ਏ (ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ) ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹੀਰੋ ਈਕੋ ਦੇ ਗਰੁੱਪ ਚੇਅਰਮੈਨ ਵਿਜੇ ਮੁੰਜਾਲ, ਹੀਰੋ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਐਸਕੇ ਰਾਏ ਅਤੇ ਬਿਗ-ਬੇਨ ਗਰੁੱਪ (ਜੇਐਸਟੀਐਸ) ਦੇ ਤੇਜਵਿੰਦਰ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਮੌਕੇ ਪੁਰਸਕਾਰ ਦਿੱਤੇ ਗਏ। ਇਸ ਮੌਕੇ 'ਤੇ ਬੋਲਦਿਆਂ ਅਰੋੜਾ ਨੇ ਬਿਹਤਰ ਵਾਤਾਵਰਣ, ਸਿਹਤ ਅਤੇ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਾਈਕਲਿੰਗ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਦੇਸ਼ ਭਰ ਵਿੱਚ ਸਾਈਕਲਿੰਗ ਨੂੰ ਹੋਰ ਪ੍ਰਸਿੱਧ ਬਣਾਉਣਾ ਹੋਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਤੋਂ ਮੰਗ ਕੀਤੀ ਕਿ ਸ਼ਹਿਰ ਨੂੰ "ਸਾਈਕਲ ਫ੍ਰੈਂਡਲੀ" ਬਣਾਉਣਾ ਯਕੀਨੀ ਬਣਾਇਆ ਜਾਵੇ। "ਮੈਨੂੰ ਉਮੀਦ ਹੈ ਕਿ ਅਗਲੀ ਵਾਰ ਏ.ਆਈ.ਸੀ.ਐਮ.ਏ. ਲੁਧਿਆਣਾ ਨੂੰ "ਸਾਈਕਲ ਫ੍ਰੈਂਡਲੀ" ਬਣਾਉਣ ਲਈ ਇਹਨਾਂ ਦੋ ਮਹਿਲਾ ਅਧਿਕਾਰੀਆਂ ਨੂੰ ਇਨਾਮ ਦੇਵੇਗੀ।" ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਸੁਝਾਅ ਨੂੰ ਚੁਣੌਤੀ ਵਜੋਂ ਸਵੀਕਾਰ ਕਰੇਗਾ ਕਿਉਂਕਿ ਦੋਵੇਂ ਮਹਿਲਾ ਅਧਿਕਾਰੀ ਚੁਣੌਤੀਪੂਰਨ ਕੰਮ ਕਰਨਾ ਪਸੰਦ ਕਰਦੇ ਹਨ। ਸਮਾਗਮ ਵਿੱਚ ਸਨਮਾਨਿਤ ਕੀਤੇ ਗਏ ਸਨਅਤਕਾਰਾਂ ਨੂੰ ਵਧਾਈ ਦਿੰਦਿਆਂ ਅਰੋੜਾ ਨੇ ਕਿਹਾ ਕਿ ਹਾਜ਼ਰ ਹਰ ਕੋਈ ਆਪਣੀ ਉੱਦਮਤਾ ਕਾਰਨ ਐਵਾਰਡ ਦਾ ਹੱਕਦਾਰ ਹੈ, ਇਸ ਲਈ ਏਆਈਸੀਐਮਏ ਦੀ ਐਵਾਰਡ ਕਮੇਟੀ ਲਈ ਐਵਾਰਡ ਜੇਤੂਆਂ ਦੇ ਨਾਂ ਤੈਅ ਕਰਨਾ ਔਖਾ ਕੰਮ ਹੈ। ਅਰੋੜਾ ਨੇ ਕਿਹਾ ਕਿ ਹੁਣ ਤੱਕ ਸਿਰਫ 10 ਫੀਸਦੀ ਆਬਾਦੀ ਹੀ ਸਾਈਕਲ ਉਦਯੋਗ ਦੇ ਗਾਹਕ ਹੈ, ਇਸ ਲਈ ਭਾਰਤ ਵਿੱਚ ਇਸ ਉਦਯੋਗ ਦੇ ਵਧਣ ਦੀ ਬਹੁਤ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਵਧੇਰੇ ਜ਼ਰੂਰੀ ਹੈ ਕਿ ਦੇਸ਼ ਵਿੱਚ ਸਾਈਕਲਿੰਗ ਨੂੰ ਹੋਰ ਕਿਵੇਂ ਪ੍ਰਚਲਿਤ ਕੀਤਾ ਜਾ ਸਕਦਾ ਹੈ, ਜੋ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਇਸਦੇ ਲਈ ਢੁਕਵਾਂ ਬੁਨਿਆਦੀ ਢਾਂਚਾ ਮੌਜੂਦ ਹੋਵੇ।