ਰਾਏਕੋਟ, 20 ਮਈ (ਚਮਕੌਰ ਸਿੰਘ ਦਿਓਲ) : ਰਾਏਕੋਟ ਪੁਲਿਸ ਵਲੋਂ ਇਲਾਕੇ ਦੇ ਵੱਖ ਵੱਖ ਸਥਾਨਾਂ ’ਤੇ ਵਿਸ਼ੇਸ਼ ਮੁਹਿਮ ਚਲਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਡੀ.ਐਸ.ਪੀ ਰਛਪਾਲ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਬੱਸ ਸਟੈਂਡ ਤੋਂ ਇਲਾਵਾ ਸ਼ਹਿਰ ਦੇ ਸਾਰੇ ਪ੍ਰਮੁੱਖ ਬਜ਼ਾਰਾਂ, ਹਠੂਰ ਬਜਾਰ ਅਤੇ ਲੋਹਟਬੱਦੀ ਵਿੱਚ ਮਾਰਚ ਕੱਢਿਆ ਗਿਆ ਅਤੇ ਚੈਕਿੰਗ ਕੀਤੀ ਤਾਂ ਜੋ ਕੋਈ ਸ਼ਰਾਰਤੀ ਤੱਤ ਕਿਸੇ ਕਿਸਮ ਦੀ ਅਣਸੁਖਾਂਵੀ ਘਟਨਾਂ ਨੂੰ ਅੰਜ਼ਾਮ ਨਾ ਦੇ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਸਦਰ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਅੱਜ ਇੱਕ ਸਮੇਂ ’ਤੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਚਲਾਈ ਗਈ ਹੈ, ਜਿਸ ਦੌਰਾਨ ਵੱਖ ਵੱਖ ਸਥਾਨਾਂ ’ਤੇ ਖੜ੍ਹੇ ਵਾਹਨਾਂ ਤੋਂ ਇਲਾਵਾ ਲਵਾਰਿਸ ਪਏ ਸਮਾਨ ਆਦਿ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦਾ ਮੁੱਖ ਮੰਤਵ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ਿੰਕਜਾ ਕੱਸਣਾ ਅਤੇ ਉਨ੍ਹਾਂ ਨੂੰ ਤਾੜਨਾ ਕਰਨਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰਾਂ ਦੀ ਸਮਾਜ ਵਿਰੋਧੀ ਘਟਨਾਂ ਨੂੰ ਅੰਜ਼ਾਮ ਨਾ ਦੇ ਸਕਣ। ਇਸ ਮੌਕੇ ਪੁਲਿਸ ਟੀਮ ਵਿੱਚ ਥਾਣਾ ਮੁਖੀ ਹਠੂਰ ਕਮਲਦੀਪ ਕੌਰ, ਐਸ.ਆਈ ਜਸਪ੍ਰੀਤ ਕੌਰ, ਅਮਿ੍ਰਤਪਾਲ ਸਿੰਘ ਰੀਡਰ, ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਹੋਰ ਕਈ ਪੁਲਿਸ ਮੁਲਾਜ਼ਮ ਸ਼ਾਮਲ ਸਨ।