ਮਾਨਸਾ, 06 ਮਈ : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਮੰਡੀਆਂ ਵਿਚ ਆ ਰਹੀ ਕਣਕ ਦੀ ਨਾਲੋ ਨਾਲ ਖਰੀਦ ਯਕੀਨੀ ਬਣਾਈ ਜਾ ਰਹੀ ਹੈ ਜਿਸ ਤਹਿਤ ਸ਼ੁੱਕਰਵਾਰ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਈ 5 ਲੱਖ 82 ਹਜ਼ਾਰ 637 ਮੀਟਰਿਕ ਟਨ ਕਣਕ ’ਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 5 ਲੱਖ 80 ਹਜ਼ਾਰ 114 ਮੀਟਰਿਕ ਟਨ ਦੀ ਖਰੀਦ ਮੁਕੰਮਲ ਕਰ ਲਈ ਗਈ ਹੈ ਜੋ ਕਿ 99 ਫ਼ੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਕਿਸਾਨਾਂ ਦੀ ਖਰੀਦ ਕੀਤੀ ਜਿਣਸ ਦੀ ਅਦਾਇਗੀ ਵੀ 48 ਘੰਟੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਕਣਕ ਦੀ 86 ਫੀਸਦੀ ਲਿਫਟਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਏਜ਼ੰਸੀ ਵੱਲੋਂ 182681 ਮੀਟਰਕ ਟਨ, ਮਾਰਕਫੈੱਡ ਵੱਲੋਂ 148274 ਮੀਟਰਕ ਟਨ, ਪਨਸਪ ਵੱਲੋਂ 155300, ਪੰਜਾਬ ਵੇਅਰਹਾਊਸ ਵੱਲੋਂ 88603 ਅਤੇ ਵਪਾਰੀਆਂ ਵੱਲੋਂ 5255 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।