ਬੱਲੂਆਣਾ, 5 ਮਾਰਚ : ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਾਲ 2024 -25 ਦਾ ਪੇਸ਼ ਬਜਟ ਰਾਜ ਦੇ ਖੇਤੀ ਸੈਕਟਰ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੈ। ਇਹ ਗੱਲ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਆਖੀ ਹੈ। ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਆਖਿਆ ਕਿ ਖੇਤੀ ਪੰਜਾਬ ਦੀ ਆਰਥਿਕਤਾ ਦਾ ਆਧਾਰ ਹੈ ਅਤੇ ਇਸੇ ਲਈ ਪੰਜਾਬ ਸਰਕਾਰ ਨੇ ਆਪਣੇ ਅਗਲੇ ਸਾਲ ਦੇ ਬਜਟ ਵਿੱਚ 13784 ਕਰੋੜ ਰੁਪਏ ਖੇਤੀ ਲਈ ਰੱਖੇ ਹਨ। ਉਨਾਂ ਨੇ ਦੱਸਿਆ ਕਿ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਪਲਾਂਟ ਲਗਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਫਸਲੀ ਭਿੰਨਤਾ ਨਾਲ ਜੋੜਿਆ ਜਾ ਸਕੇ। ਇਸੇ ਤਰ੍ਹਾਂ ਗੰਨਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ 390 ਕਰੋੜ ਰੁਪਏ ਸਰਕਾਰ ਨੇ ਰੱਖੇ ਹਨ । ਮਾਈਕਰੋ ਇਰੀਗੇਸ਼ਨ ਅਤੇ ਜਮੀਨਦੋਜ ਪਾਈਪਾਂ ਜਿਨਾਂ ਦੀ ਕਿ ਅਬੋਹਰ ਬੱਲੂਆਣਾ ਖੇਤਰ ਵਿੱਚ ਬਹੁਤ ਮੰਗ ਹੈ ਲਈ ਵੀ ਸਰਕਾਰ ਨੇ 194 ਕਰੋੜ ਰੁਪਏ ਰੱਖੇ ਹਨ। ਇਸੇ ਤਰ੍ਹਾਂ ਅਬੋਹਰ ਦੇ ਕਿੱਲਿਆਂ ਵਾਲੀ ਵਿੱਚ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ ਜਿਸ ਰਾਹੀਂ ਕਿਸਾਨਾਂ ਨੂੰ ਮੱਛੀ ਪਾਲਣ ਲਈ ਉਤਸਾਹਿਤ ਕੀਤਾ ਜਾਵੇਗਾ। ਬਾਗਬਾਨੀ ਨੂੰ ਵੀ ਸੂਬੇ ਵਿੱਚ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ 575 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ 87 ਹਜਾਰ ਕਿਸਾਨਾਂ ਨੂੰ ਨਰਮੇ ਦੇ ਬੀਜ ਤੇ 33 ਫੀਸਦੀ ਸਬਸਿਡੀ ਦਿੱਤੀ ਸੀ। ਇਸੇ ਤਰ੍ਹਾਂ 9330 ਕਰੋੜ ਰੁਪਏ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਵੀ ਸੂਬਾ ਸਰਕਾਰ ਨੇ ਰੱਖੇ ਹਨ। ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਇਹ ਸਾਰੇ ਉਪਰਾਲੇ ਦੱਸਦੇ ਹਨ ਕਿ ਪੰਜਾਬ ਸਰਕਾਰ ਖੇਤੀ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਅਬੋਹਰ ਬੱਲੂਆਣਾ ਖੇਤਰ ਵਿੱਚ ਨਹਿਰੀ ਪਾਣੀ ਦੀ ਮੁੱਖ ਮੰਗ ਰਹਿੰਦੀ ਹੈ ਅਤੇ ਇਸ ਇਲਾਕੇ ਨੂੰ ਨਹਿਰੀ ਪਾਣੀ ਸਰਹੰਦ ਫੀਡਰ ਰਾਹੀਂ ਮਿਲਦਾ ਹੈ। ਇਸ ਲਈ ਸੂਬਾ ਸਰਕਾਰ ਨੇ ਸਰਹੰਦ ਫੀਡਰ ਅਤੇ ਰਾਜਸਥਾਨ ਕੈਨਾਲ ਦੀ ਰੀਲਾਨਿੰਗ ਲਈ 150 ਕਰੋੜ ਰੁਪਏ ਰੱਖੇ ਹਨ। ਇਸ ਤੋਂ ਬਿਨਾਂ ਮਾਲਵਾ ਕੈਨਾਲ ਪ੍ਰੋਜੈਕਟ ਰਾਹੀਂ ਵੀ 178000 ਏਕੜ ਰਕਬੇ ਤੱਕ ਬੇਹਤਰ ਸਿੰਚਾਈ ਸਹੂਲਤਾਂ ਉਪਲਬਧ ਕਰਵਾਉਣ ਦੀ ਸੂਬਾ ਸਰਕਾਰ ਦੀ ਯੋਜਨਾ ਹੈ। ਵਿਧਾਇਕ ਨੇ ਕਿਸਾਨ ਪੱਖੀ ਬਜਟ ਪੇਸ਼ ਕਰਨ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਆਪਣੇ ਇਲਾਕੇ ਵੱਲੋਂ ਧੰਨਵਾਦ ਕੀਤਾ ਹੈ।