- ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ 7ਵੇਂ ਸੰਯੁਕਤ ਰਾਸ਼ਟਰ ਸੜਕ ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ ਸਾਇਕਲ ਰੈਲੀ
ਪਟਿਆਲਾ, 21 ਮਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ ਤਾਂ ਕਿ ਸੜਕ ਹਾਦਸਿਆਂ ਕਰਕੇ ਅਜਾਂਈ ਜਾਂਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਾ. ਬਲਬੀਰ ਸਿੰਘ ਅੱਜ ਇੱਥੇ ਪੋਲੋ ਗਰਾਊਂਡ ਨੇੜੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ 7ਵੇਂ ਸੰਯੁਕਤ ਰਾਸ਼ਟਰ ਸੜਕ ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ 'ਸਾਈਕਲ ਸਵਾਰਾਂ ਅਤੇ ਗੈਰ ਮੋਟਰਾਈਜ਼ਡ ਟਰਾਂਸਪੋਰਟ ਵਰਤੋਂਕਾਰਾਂ' ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਰਵਾਈ ਸਾਇਕਲ ਰੈਲੀ ਨੂੰ ਰਵਾਨਾ ਕਰਨ ਪੁੱਜੇ ਹੋਏ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਨੇਮਾਂ ਦੀ ਅਣਦੇਖੀ ਕਰਕੇ ਵਾਪਰਦੇ ਸੜਕ ਹਾਦਸਿਆਂ ਕਾਰਨ ਪੰਜਾਬ ਸਮੇਤ ਸਾਡੇ ਦੇਸ਼ ਅੰਦਰ ਹਜਾਰਾਂ ਦੀ ਗਿਣਤੀ 'ਚ ਕੀਮਤੀ ਮਨੁੱਖੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਾਈਵੇ ਪੈਟੋਰਲ ਵ੍ਹੀਕਲ ਟੀਮਾਂ ਦਾ ਗਠਨ ਕੀਤਾ ਹੈ, ਜਿਹੜੀਆਂ ਕਿ ਐਂਬੂਲੈਂਸਾਂ ਤੇ ਰਿਕਵਰੀ ਵੈਨਾਂ ਨਾਲ ਲੈਸ ਹੋਣਗੀਆਂ ਅਤੇ ਹਾਦਸੇ ਦੇ ਤੁਰੰਤ ਬਾਅਦ ਫੱਟੜਾਂ ਨੂੰ ਹਸਪਤਾਲ ਪਹੁੰਚਾ ਕੇ ਮਨੁੱਖੀ ਜਾਨਾਂ ਬਚਾਉਣ ਦਾ ਯਤਨ ਕਰਨਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣਾਈ ਸਾਈਕਲ ਲੇਨ, ਗੈਰ ਮੋਟਰਾਈਜ਼ਡ ਟਰਾਂਸਪੋਰਟ ਵਰਤੋਂਕਾਰਾਂ ਨੂੰ ਤਰਜੀਹ ਦੇਣ ਦੀ ਇੱਕ ਨਵੀਂ ਪਹਿਲਕਦਮੀ ਹੈ ਅਤੇ ਇਸੇ ਤਰਜ 'ਤੇ ਪੈਦਲ ਚੱਲਣ ਵਾਲਿਆਂ ਤੇ ਸਾਇਕਲ ਸਵਾਰਾਂ ਦੀ ਸੁਰੱਖਿਆ ਲਈ ਹੋਰ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੰਗਲਾ ਪੰਜਾਬ ਬਣਾਉਣ ਲਈ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਤਾਂ ਬੇਹੱਦ ਲਾਜਮੀ ਹੈ ਹੀ ਪ੍ਰੰਤੂ ਜੇਕਰ ਸ਼ਹਿਰਾਂ 'ਚ ਘੱਟ ਦੂਰੀ ਦਾ ਫ਼ਾਸਲਾ ਤੈਅ ਕਰਨ ਲਈ ਸਾਇਕਲ ਜਾਂ ਪੈਦਲ ਜਾਣਾ ਸ਼ੁਰੂ ਕੀਤਾ ਜਾਵੇ ਤਾਂ ਇਹ ਵਾਤਾਵਰਣ ਸ਼ੁੱਧਤਾ ਦੇ ਨਾਲ-ਨਾਲ ਸਾਡੀ ਸਿਹਤ ਠੀਕ ਹੋਵੇਗੀ ਤੇ ਦੇਸ਼ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਸਾਇਕਲ ਚਲਾਉਣਾ ਸਾਰੀ ਉਮਰ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ।