- ਮਾਮਲਾ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਦਾ, ਸੰਘਰਸ਼ ਜਾਰੀ ਰਹੇਗਾ-ਝੋਰੜਾਂ
ਜਗਰਾਉਂ 8 ਮਈ (ਰਛਪਾਲ ਸਿੰਘ ਸ਼ੇਰਪੁਰੀ): ਪੁਲਿਸ ਅੱਤਿਆਚਾਰ ਖਿਲਾਫ਼ ਚੱਲ ਰਹੇ ਅਣਮਿਥੇ ਸਮੇਂ ਦੇ ਪੱਕਾ ਧਰਨਾ 401ਵੇਂ ਦਿਨ ਵੀ ਜਾਰੀ ਰਿਹਾ ਅਤੇ ਥਾਣੇ ਮੂਹਰੇ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ਨੇ ਜਿਥੇ ਧਰਨਾ ਦੇ ਕੇ ਥਾਣੇ ਅੱਗੇ ਪੰਜਾਬ ਸਰਕਾਰ "ਮੁਰਦਾਬਾਦ" ਦੇ ਨਾਹਰੇ ਲਗਾਏ, ਉਥੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਡੀਅੈਸਪੀ ਗੁਰਿੰਦਰ ਬੱਲ ਦੇ ਅੱਤਿਆਚਾਰ ਖਿਲਾਫ਼ ਥਾਣਾ ਸਿਟੀ ਮੂਹਰੇ 23 ਮਾਰਚ 2022 ਤੋਂ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮੰਗ ਕੀਤੀ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ) ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਸ਼ੇਰੇ ਪੰਜਾਬ ਦਲ਼ ਖਾਲ਼ਸਾ ਦੇ ਪ੍ਰਧਾਨ ਮਹਿੰਦਰ ਸਿੰਘ ਬੀਏ, ਜਰਨੈਲ ਸਿੰਘ ਮੁਲਾਂਪੁਰ ਨੇ ਵੀ ਪੁਲਿਸ ਅੱਤਿਆਚਾਰ ਦੀ ਨਿਖੇਧੀ ਕਰਦਿਆਂ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੇ ਰਹਿ ਚੁੱਕੇ ਥਾਣਾਮੁਖੀ ਗੁਰਿੰਦਰ ਬੱਲ ਤੇ ਰਾਜਵੀਰ ਨੇ ਮਾਂ-ਧੀ ਨੂੰ ਅਗਵਾ ਕਰਕੇ, ਨਜ਼ਾਇਜ ਹਿਰਾਸਤ 'ਚ ਥਾਣੇ 'ਚ ਅੱਤਿਆਚਾਰ ਕੀਤਾ ਸੀ ਅਤੇ ਨੌਜਵਾਨ ਧੀ ਕੁਲਵੰਤ ਕੌਰ ਨੂੰ ਕਰੰਟ ਲਗਾਇਆ ਸੀ ਜਿਸ ਕਾਰਨ ਕੁਲਵੰਤ ਕੌਰ ਨਕਾਰਾ ਹੋ ਗਈ ਸੀ ਤੇ ਅੰਤ ਮੌਤ ਦੇ ਮੂੰਹ ਚਲੀ ਗਈ ਸੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਥਾਣਾਮੁਖੀ ਨੇ ਆਪਣੇ ਜ਼ੁਲਮਾਂ ਨੂੰ ਛੁਪਾਉਣ ਲਈ ਉਸ ਨੂੰ ਅਤੇ ਉਸ ਦੀ ਵੱਡੀ ਭਰਜਾਈ ਨੂੰ ਝੂਠੀ ਕਹਾਣੀ ਬਣਾ ਕੇ ਕਥਿਤ ਕਤਲ਼ ਕੇਸ ਵਿੱਚ ਫਸਾ ਦਿੱਤਾ ਸੀ। ਦਰਸ਼ਨ ਸਿੰਘ ਧਾਲੀਵਾਲ ਤੇ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਨੇ ਇੱਕ ਸਾਜ਼ਿਸ਼ ਅਧੀਨ ਜਾਤੀ ਮੰਦ-ਭਾਵਨਾ ਤਹਿਤ ਹੀ ਨਜ਼ਾਇਜ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਨ ਤੇ ਝੂਠੇ ਕੇਸਾਂ ਵਿੱਚ ਫਸਾਇਆ ਸੀ। ਉਨ੍ਹਾਂ ਕਿਹਾ ਕਿ ਮੁਕੱਦਮੇ ਦੇ ਦੋਸ਼ੀ ਡੀਅੈਸਪੀ, ਅੈਸਆਈ ਤੇ ਪੰਚ-ਸਰਪੰਚ ਨੂੰ ਹੁਣ ਤੱਕ ਗ੍ਰਿਫਤਾਰ ਨਾਂ ਕਰਨਾ ਕਾਨੂੰਨ ਅਤੇ ਛੂਤ ਛਾਤ ਰੋਕੂ ਅੈਕਟ 1989 ਉਲੰਘਣਾ ਹੈ। ਇਸ ਸਮੇਂ ਬਲਵਿੰਦਰ ਸਿੰਘ, ਕਵੀ ਜੁਗਰਾਜ ਸਿੰਘ, ਬਲਰਾਜ ਸਿੰਘ ਕੋਟ, ਦਵਿੰਦਰ ਸਿੰਘ ਹਠੂਰ, ਮਹਿੰਦਰ ਸਿੰਘ ਬੀਏ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਆਦਿ ਹਾਜ਼ਰ ਸਨ।