- ਲਲੌਛੀ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਸਾਲਾਨਾ ਸਮਾਗਮ ਤੇ ਗ੍ਰੈਜੂਏਸ਼ਨ ਸੈਰੇਮਨੀ 'ਚ ਸ਼ਿਰਕਤ
ਪਟਿਆਲਾ, 30 ਮਾਰਚ : 'ਪੰਜਾਬ ਸਰਕਾਰ ਨੇ ਰਾਜ ਅੰਦਰ ਸਕੂਲ ਆਫ਼ ਐਮੀਨੈਂਸ ਬਣਾ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ।' ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਉਹ ਪਿੰਡ ਲਲੌਛੀ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਸਾਲਾਨਾ ਸਮਾਗਮ ਤੇ ਗ੍ਰੈਜੂਏਸ਼ਨ ਸੈਰੇਮਨੀ 'ਚ ਸ਼ਿਰਕਤ ਕਰਦਿਆਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨ ਪੁੱਜੇ ਹੋਏ ਸਨ। ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਆਪਣੀ ਮੁੱਖ ਤਰਜੀਹ ਬਣਾਇਆ ਹੈ, ਜਿਸ ਲਈ ਵਿਦਿਆਰਥੀਆਂ ਨੂੰ 9ਵੀਂ ਜਮਾਤ ਤੋਂ ਹੀ ਰੋਜਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਆਫ਼ ਐਮੀਨੈਂਸ ਬਣਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪਹਿਲੇ ਦਿਨ ਤੋਂ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ, ਇਸ ਤਹਿਤ ਹੀ 27000 ਤੋਂ ਵਧੇਰੇ ਨੌਕਰੀਆਂ ਦੇਕੇ ਪਹਿਲੇ ਸਾਲ ਹੀ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਦੇਣ ਦੀ ਚੰਗੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਦਿਲਕਸ਼ ਪ੍ਰੋਗਰਾਮ ਤੋਂ ਪ੍ਰਭਾਵਤ ਹੁੰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਸਕੂਲ ਦੇ ਇੰਚਾਰਜ ਅਧਿਆਪਕ ਨਰਿੰਦਰ ਸਿੰਘ ਤੇ ਅਧਿਆਪਕ ਇੰਦਰਜੀਤ ਕੌਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵਰਗਾ ਜਜਬਾ ਸਾਰੇ ਅਧਿਆਪਕਾਂ 'ਚ ਹੋਵੇ ਤਾਂ ਸਕੂਲਾਂ ਦੀ ਸਿੱਖਿਆ ਹੋਰ ਅੱਗੇ ਵਧੇਗੀ ਤੇ ਸਾਡਾ ਪੰਜਾਬ ਰੰਗਲਾ ਪੰਜਾਬ ਬਣੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਇਨ੍ਹਾਂ ਸਕੂਲਾਂ 'ਚੋਂ ਹੀ ਆਉਣੀ ਹੈ ਅਤੇ ਬੱਚਿਆਂ ਨੂੰ ਜੋ ਅਸੀਂ ਸਿਖਾਉਣਾ ਹੈ, ਉਹੋ ਵਰਤਾਰਾ ਸਮਾਜ 'ਚ ਫੈਲੇਗਾ, ਇਸ ਲਈ ਪੰਜਾਬ ਸਰਕਾਰ ਨੇ ਆਪਣੇ ਸਕੂਲ ਦੇਸ਼ ਦੇ ਸਭ ਤੋਂ ਬਿਹਤਰ ਸਕੂਲ ਬਣਾਉਣ ਦਾ ਤਹੱਈਆ ਕੀਤਾ ਹੈ ਤੇ ਇਸ 'ਚ ਪਹਿਲੇ ਸਾਲ 'ਚ ਹੀ ਵੱਡੀ ਕਾਮਯਾਬੀ ਮਿਲੀ ਹੈ। ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਐਲੀਮੈਂਟਰੀ ਸਕੂਲ ਲਈ ਢਾਈ ਲੱਖ ਰੁਪਏ ਤੇ ਸਰਕਾਰੀ ਹਾਈ ਸਕੂਲ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਸਮੇਤ ਪਿੰਡ ਨਵੀਂ ਲਲੌਛੀ ਤੇ ਪੁਰਾਣੀ ਲਲੌਛੀ ਦੀ ਗ੍ਰਾਮ ਪੰਚਾਇਤ ਨੂੰ 2 ਲੱਖ ਤੇ 5 ਲੱਖ ਰੁਪਏ ਵਿਕਾਸ ਫੰਡ ਆਪਣੇ ਅਖ਼ਤਿਆਰੀ ਕੋਟੇ 'ਚੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਤਾਕੀਦ ਵੀ ਕੀਤੀ ਕਿ ਇਹ ਫੰਡ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਵਿਕਾਸ ਲਈ ਖਰਚੇ ਜਾਣ। ਉਨ੍ਹਾਂ ਕਿਹਾ ਕਿ ਪਿੰਡ ਦੇ ਪੈਲੇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਇਸ ਨੂੰ ਵੀ ਜਲਦੀ ਹੀ ਸ਼ੁਰੂਆਤ ਕਰਵਾਈ ਜਾਵੇਗੀ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਸੁਖਪਾਲ ਸਿੰਘ, ਦੋਵਾਂ ਗ੍ਰਾਮ ਪੰਚਾਇਤਾਂ ਦੇ ਸਰਪੰਚ ਲਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਮੇਤ ਪਿੰਡ ਦੇ ਵਸਨੀਕ ਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ। ਗ੍ਰਾਮ ਪੰਚਾਇਤ ਨੇ ਸਕੂਲ ਵੱਲੋਂ ਚੇਤਨ ਸਿੰਘ ਜੌੜਾਮਾਜਰਾ ਦਾ ਸਨਮਾਨ ਵੀ ਕੀਤਾ।