- ਪਸ਼ੂ ਪਾਲਣ ਵਿਭਾਗ ਵੱਲੋਂ ਸਾਹੀਵਾਲ ਮੈਗਾ ਕਾਫੀ ਰੈਲੀ ਕਰਵਾਈ ਗਈ
- ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਨੇ ਕੀਤੀ ਸ਼ਿਰਕਤ
- ਕਿੰਨੂੰ ਮਿਡ ਡੇ ਮੀਲ ਵਿੱਚ ਦਿੱਤਾ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ
- ਪੰਜਾਬ ਸਰਕਾਰ ਬੱਲੂਆਣਾ ਹਲਕੇ ਵਿੱਚ ਕਰਵਾ ਰਹੀ ਹੈ 800 ਕਰੋੜ ਦੇ ਵਿਕਾਸ ਕਾਰਜ - ਵਿਧਾਇਕ ਗੋਲਡੀ ਮੁਸਾਫਰ
ਅਬੋਹਰ 9 ਫਰਵਰੀ : ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਸੀਤੋ ਗੁਨੋ ਵਿਖੇ ਕਰਵਾਈ ਗਈ ਸਾਹੀਵਾਲ ਮੈਗਾ ਕਾਫ਼ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵੱਧੇ ਲਈ ਬਚਨਵੱਧ ਹੈ। ਇਸ ਮੌਕੇ ਉਨਾਂ ਨੇ ਪਸ਼ੂ ਪਾਲਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਸ਼ੂ ਪਾਲਣ ਇੱਕ ਅਜਿਹਾ ਕੀਤਾ ਹੈ ਜਿਸ ਦੇ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਕਿਉਂਕਿ ਹੁਣ ਜਮੀਨ ਤਾਂ ਹੋਰ ਵਧਾਈ ਨਹੀਂ ਜਾ ਸਕਦੀ ਇਸ ਲਈ ਸਾਨੂੰ ਆਮਦਨ ਵਧਾਉਣ ਲਈ ਸਹਾਇਕ ਖੇਤੀ ਧੰਦਿਆਂ ਦਾ ਲਾਹਾ ਲੈਣਾ ਚਾਹੀਦਾ ਹੈ। ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੜ੍ਹਾਈ ਕਰਕੇ ਸਾਡੇ ਨੌਜਵਾਨ ਯੋਗ ਬਣਨ ਤਾ ਕਿ ਉਹ ਵੱਖ-ਵੱਖ ਤਰੀਕਿਆਂ ਨਾਲ ਆਪਣੀ ਆਮਦਨ ਪੈਦਾ ਕਰ ਸਕਣ। ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਵਿਦੇਸ਼ ਨਾਲੋਂ ਆਪਣਾ ਮੁਲਕ ਬਿਹਤਰ ਹੈ ਇਥੇ ਮਿਹਨਤ ਕਰੋ ਤਾਂ ਸਰਕਾਰ ਤੁਹਾਡੀ ਹਰ ਪ੍ਰਕਾਰ ਦੀ ਮਦਦ ਕਰੇਗੀ। ਕਿੰਨੂੰ ਦੀ ਗੱਲ ਕਰਦਿਆਂ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਵਿੱਚ ਕਿੰਨੂ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਕਿੰਨੂ ਬਾਗਵਾਨਾਂ ਨੂੰ ਲਾਭ ਮਿਲੇਗਾ। ਉਹਨਾਂ ਨੇ ਅਬੋਹਰ ਦੀ ਜੂਸ ਫੈਕਟਰੀ ਦੀ ਸਮਰੱਥਾ ਵਧਾਉਣ ਦੀਆਂ ਸੁਭਾਵਨਾਵਾਂ ਤਲਾਸ਼ਣ ਦੀ ਗੱਲ ਵੀ ਆਖੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਨਰਮੇ ਨੂੰ ਵੀ ਪੰਜਾਬ ਸਰਕਾਰ ਪ੍ਰਫੁੱਲਤ ਕਰੇਗੀ। ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਉਣ ਲਈ 25 ਲੱਖ ਗਊਆਂ ਦਾ 25 ਫਰਵਰੀ ਤੋਂ ਟੀਕਾਕਰਨ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸੇ ਤਰਾਂ ਉਹਨਾਂ ਦੱਸਿਆ ਕਿ ਜਾਨਵਰਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਮੁਫਤ ਦਵਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਸਾਹੀਵਾਲ ਨਸਲ ਸੁਧਾਰ ਲਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਅਤੇ ਸੈਕਸਡ ਸਿਮਨ ਦੀ ਸਪਲਾਈ ਵੀ ਹਸਪਤਾਲਾਂ ਵਿੱਚ ਦਿੱਤੀ ਜਾ ਰਹੀ ਹੈ। ਸ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਵਿੱਚ ਮੈਰੀਟ ਅਧਾਰ ਤੇ ਹੋਈਆਂ ਭਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 326 ਨਵੇਂ ਵੈਟਰਨਰੀ ਅਫਸਰ ਅਤੇ 504 ਵੈਟਰਨਰੀ ਇੰਸਪੈਕਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਨਾ ਹੀ ਉਪਰਾਲਿਆਂ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਹੁਣ ਤੱਕ 40 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦ੍ਰਿੜਤਾ ਨਾਲ ਲੋਕ ਮਸਲਿਆਂ ਦੇ ਹੱਲ ਕਰਨ ਲਈ ਸਮਰਪਿਤ ਹੈ। ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਸਵਾਗਤ ਕਰਦਿਆਂ ਸਥਾਨਕ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ 800 ਕਰੋੜ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੱਤਰੇ ਵਾਲਾ ਦਾ ਮੈਗਾ ਵਾਟਰ ਵਰਕਸ ਅਤੇ ਸੁਖਚੈਨ ਵਿਖੇ ਨਵਾਂ ਕਾਲਜ ਬਣ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਾਰੇ ਵਰਗਾਂ ਨੂੰ ਇੱਕ ਸਮਾਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ 300 ਯੂਨਿਟ ਮੁਫਤ ਬਿਜਲੀ ਦਾ ਲਾਭ ਸਭ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਜੀਐਸ ਬੇਦੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਸਵਾਮੀ ਸੁੱਖਾਨੰਦ, ਡਾ ਰਾਜੇਸ਼ ਗੁਪਤਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਮਾਸਟਰ ਭਜਨ ਲਾਲ ਬਲਾਕ ਪ੍ਰਧਾਨ ਅੰਗਰੇਜ ਸਿੰਘ ਬਰਾੜ, ਸ਼੍ਰੀਮਤੀ ਪੂਜਾ ਲੂਥਰਾ ਧਰਮਵੀਰ ਗੋਦਾਰਾ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਡਾ ਮਨਦੀਪ ਸਿੰਘ ਅਤੇ ਕੇਵਲ ਅਰੋੜਾ ਨੇ ਕੀਤਾ। ਇਸ ਮੌਕੇ ਐਸਡੀਐਮ ਬਲਕਰਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰਾਜੀਵ ਛਾਵੜਾ, ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ ਵੀ ਹਾਜ਼ਰ ਸਨ। ਰੈਲੀ ਵਿੱਚ 126 ਸਾਹੀਵਾਲ ਨਸਲ ਦੇ ਜਾਨਵਰ ਪੁਹੰਚੇ। ਇਸ ਮੌਕੇ ਇਨਾਮ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।