ਫ਼ਰੀਦਕੋਟ 28 ਫ਼ਰਵਰੀ : ਸਿਹਤ ਵਿਭਾਗ ਵੱਲੋਂ 3 ਮਾਰਚ ਤੋਂ 5 ਮਾਰਚ 2024 ਤੱਕ ਪਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਬਚਾਓ ਲਈ ਦਵਾਈ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਵੀਰਪਾਲ ਕੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਸਿਹਤ ਵਿਭਾਗ ਦੇ ਨਾਲ ਨਾਲ ਸਾਰੇ ਸਹਿਯੋਗੀ ਵਿਭਾਗਾਂ ਨੂੰ ਵੀ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 03 ਮਾਰਚ ਨੂੰ ਬੂਥਾਂ ਤੇ ਅਤੇ 04 ਅਤੇ 05 ਮਾਰਚ ਨੂੰ ਘਰ ਘਰ ਜਾ ਕੇ ਪੋਲੀਓ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਜ਼ੀਰੋ ਤੋਂ ਪੰਜ ਸਾਲ ਦਾ ਬੱਚਾ ਇਸ ਵੈਕਸੀਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਰਾਹੀਂ ਝੁੱਗੀ, ਝੌਂਪੜੀਆਂ, ਸ਼ੈੱਲਰ, ਭੱਠੇ, ਕੰਸਟਰੱਕਸ਼ਨ ਵਾਲੀਆਂ ਥਾਂਵਾਂ ਅਤੇ ਹੋਰ ਮਾਈਗਰੇਟਰੀ ਆਬਾਦੀ ਨੂੰ ਇੰਨ੍ਹਾਂ ਟੀਮਾਂ ਦੁਆਰਾ ਵੈਕਸੀਨ ਪਿਲਾਈ ਜਾਵੇਗੀ। ਇਸ ਰਾਊਂਡ ਵਿੱਚ ਕੁੱਲ 57546 ਬੱਚਿਆਂ ਨੂੰ ਵੈਕਸੀਨ ਪਿਲਾਉਣ ਦਾ ਟੀਚਾ ਹੈ, ਜਿਸ ਵਿਚ ਕੁੱਲ 326 ਬੂਥ ਅਤੇ 73 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਦੇ ਲਈ 13 ਮੋਬਾਇਲ ਟੀਮਾਂ ਅਤੇ 17 ਟਰਾਂਜ਼ਿਟ ਟੀਮਾਂ ਕੰਮ ਕਰਨਗੀਆਂ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਸਹਾਇਕ ਸਿਵਲ ਸਰਜਨ, ਐਸ.ਐਸ.ਓ ਡਾ. ਚੰਦਰ ਸ਼ੇਖਰ ਕੱਕੜ, ਡਾ. ਰਾਜੀਵ ਭੰਡਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਮੈਰੀ ਮੈਡੀਕਲ ਅਫ਼ਸਰ, ਐਸ.ਐਸ. ਬਰਾੜ ਆਈ.ਐਮ.ਏ, ਡਾ. ਪਰਮਜੀਤ ਬਰਾੜ ਐਸ.ਐਮ.ਓ ਸਾਦਿਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।