ਲੁਧਿਆਣਾ, 8 ਅਪ੍ਰੈਲ (ਸਰਬਜੀਤ ਸਿੰਘ ਲੁਧਿਆਣਵੀ) : ਪ੍ਰਤਾਪ ਚੌਂਕ ਨਜ਼ਦੀਕ ਵਿਸ਼ਵਕਰਮਾ ਕਲੋਨੀ ਵਿਖੇ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਤਰਨਜੀਤ ਕੌਰ ਨੇ ਦੱਸਿਆ ਕਿ ਰਾਹੁਲ ਪੁੱਤਰ ਕੁਲਦੀਪ ਸਿੰਘ ਨੇ ਪਹਿਲਾ, ਪ੍ਰੀਆਂਸ਼ੂ ਰਾਏ ਪੁੱਤਰ ਪਵਨ ਕੁਮਾਰ ਨੇ ਦੂਸਰਾ ਤੇ ਤੀਸਰਾ ਸਥਾਨ ਮਸਕੀਨ ਸਿੰਘ ਪੁੱਤਰ ਸੇਵਕ ਸਿੰਘ ਨੇ ਹਾਸਿਲ ਕੀਤਾ। ਪ੍ਰਿੰਸੀਪਲ ਤਰਨਜੀਤ ਕੌਰ ਨੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ, ਪ੍ਰਧਾਨ ਮੋਹਨ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਅਤੇ ਪਰਮਿੰਦਰ ਸਿੰਘ ਨੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਵੀਂ ਜਮਾਤ ਦਾ ਇਹ ਸ਼ਾਨਦਾਰ ਨਤੀਜਾ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ।