ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸ਼੍ਰੀ ਮੋਹਨ ਲਾਲ ਭਾਸਕਰ ਪੁਰਸਕਾਰ ਨਾਲ ਸਨਮਾਨ

ਫ਼ਿਰੋਜ਼ਪੁਰ : ਲੁਧਿਆਣਾ ਵੱਸਦੇ ਬਟਾਲਾ ਨੇੜੇ ਪਿੰਡ ਬਸੰਤਕੋਟ ਦੇ ਜੰਮਪਲ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਫ਼ਿਰੋਜ਼ਪੁਰ ਵਿਖੇ ਅਠਾਰਵੇਂ ਮੋਹਨ ਲਾਲ ਭਾਸਕਰ ਯਾਦਗਾਰੀ ਆਲ ਇੰਡੀਆ ਮੁਸ਼ਾਇਰੇ ਮੌਕੇ ਜੀਵਨ ਭਰ ਦੀਆਂ ਸਾਹਿਤਕ, ਸੱਭਿਆਚਾਰਕ ਤੇ ਵਿਦਿਅਕ ਪ੍ਰਾਪਤੀਆਂ ਲਈ ਮੋਹਨ ਲਾਲ ਭਾਸਕਰ  ਯਾਦਗਾਰੀ ਪੁਰਸਕਾਰ ਨਾਲ ਵਿਵੇਕਾਨੰਦ ਵਰਲਡ ਸਕੂਲ ਵਿਖੇ ਵਿਸ਼ਾਲ ਇਕੱਠ ਵਿੱਚ ਸਨਮਾਨਿਤ ਕੀਤਾ ਗਿਆ। ਭਾਸਕਰ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਤੇ ਸਕੂਲ ਦੇ ਚੇਅਰ ਮੈਨ ਗੌਰਵ ਸਾਗਰ ਭਾਸਕਰ ਨੇ ਪ੍ਰੋ. ਗਿੱਲ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸੰਗੀਤਕਾਰ ਤੇ ਕਵੀ ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ, ਕਵਿੱਤਰੀ ਤੇ ਮੀਡੀਆ ਕਰਮੀ ਰਮਾ ਸੇਖੋਂ ਮੈਲਬੌਰਨ(ਆਸਟਰੇਲੀਆ) ਮਨੁੱਖਤਾ ਦਾ ਭਲਾ ਟਰੱਸਟ ਲੁਧਿਆਣਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਤੇ ਸ਼ੂਟਿੰਗ ਦੀ ਅੰਤਰ ਰਾਸ਼ਟਰੀ ਕੋਚ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਦੀ ਰਸਮ ਅਦਾ ਕਰਦਿਆਂ ਪੰਜਾਬੀ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਬਾਰੇ ਕਿਹਾ ਕਿ ਉਹ ਸਾਡੇ ਸਭ ਦੇ ਵੱਡੇ ਵੀਰ ਹਨ ਅਤੇ ਸਾਹਿਤ ਸਭਿਆਚਾਰ ਦੇ ਖੇਤਰ ਵਿੱਚ ਸਾਡੇ ਮਾਰਗ ਦਰਸ਼ਕ ਹਨ। ਉਨ੍ਹਾਂ ਦੱਸਿਆ ਕਿ 1954 ਚ ਸਥਾਪਤ ਪੰਜਾਬੀ ਸਾਹਿਤ ਅਕਾਡਮੀ ਵਰਗੀ ਮਹਾਨ ਸਾਹਿਤਕ ਸੰਸਥਾ ਦੇ ਉਹ ਪਹਿਲਾਂ 1980 ਤੋਂ ਸਾਧਾਰਨ ਮੈਂਬਰ, 1984 ਤੋਂ 1988 ਤੱਕ ਕਾਰਜਕਾਰਨੀ ਮੈਂਬਰ, 1996 ਤੋਂ 2002 ਤੱਕ ਮੀਤ ਪ੍ਰਧਾਨ, 2002 ਤੋਂ 2008 ਤੱਕ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੱਕ ਪ੍ਰਧਾਨ ਰਹੇ।ਸੱਭਿਆਚਾਰ ਤੇ ਖੇਡਾਂ ਦੇ ਖੇਤਰ ਵਿੱਚ ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ 2014 ਤੱਕ ਜਨਰਲ ਸਕੱਤਰ ਵਰਗੇ ਅਹੁਦੇ ’ਤੇ  ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਕਾਰਜਸ਼ੀਲ ਰਹੇ ਹਨ। ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਵਿੱਚ ਵੱਖ ਵੱਖ ਸਮੇਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਸਿੱਖਿਆ ਦੇ ਖੇਤਰ ਵਿੱਚ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੱਕ ਪੜ੍ਹਾਉਂਦੇ ਰਹੇ। ਪਹਿਲਾਂ ਉਹ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ(ਲੁਧਿਆਣਾ) ਵਿੱਚ ਵੀ ਸੱਤ ਸਾਲ ਤੋਂ ਵੱਧ ਸਮਾਂ ਪੜ੍ਹਾਇਆ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਣ ਉਪਰੰਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਕੁਝ ਸਮਾਂ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ। ਆਪ ਦੀਆਂ ਰਚਨਾਵਾਂ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲਾਂ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ,ਗੁਲਨਾਰ (ਗ਼ਜ਼ਲਾਂ), ਮਿਰਗਾਵਲੀ (ਗ਼ਜ਼ਲਾਂ) ਰਾਵੀ( ਗ਼ਜ਼ਲਾਂ) ਸੁਰਤਾਲ(ਗ਼ਜ਼ਲਾਂ), ਚਰਖ਼ੜੀ (ਕਵਿਤਾਵਾਂ) ਪਿੱਪਲ ਪੱਤੀਆਂ (ਗੀਤ ਸੰਗ੍ਰਹਿ ) ਜਲ ਕਣ(ਰੁਬਾਈਆਂ) ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ) ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿੱਤਰਾਂ ਸਮੇਤ ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ। ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ ਜੋ ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿੱਤਰਾਂ ਨਾਲ ਸੁਸੱਜਿਤ ਹੈ। ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਵੀ ਚੇਅਰਮੈਨ ਹਨ, ਸਨਮਾਨ ਭੇਂਟ ਕਰਨ ਦੀ ਰਸਮ  ਵੀ ਕੇ ਮੀਨਾ, ਅਮਰ ਸਿੰਘ ਚਾਹਲ. ਹਰਮੀਤ ਵਿਦਿਆਰਥੀ, ਗੌਰਵ ਸਾਗਰ ਭਾਸਕਰ ਪਰਿਵਾਰ ਤੇ ਹੋਰ ਸਿਰਕੱਢ ਸ਼ਖ਼ਸੀਅਤਾਂ ਨੇ ਨਿਭਾਈ। ਧੰਨਵਾਦੀ ਸ਼ਬਦ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਫ਼ੀਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਨਾਲ ਨਾਲ  ਸ਼ਹੀਦ ਭਗਤ ਸਿੰਘ ਦੇ ਮਾਤਾ ਜੀ ਵਿਦਿਆਵਤੀ ਜੀ ਨੂੰ ਵੀ ਸ਼ਰਧਾ ਦੇ ਫੁੱਲ ਭੇ਼ਟ ਕੀਤੇ। ਇਨ੍ਹਾਂ ਸਭ ਦੀ ਅੰਤਿਮ ਕਿਆਮਗਾਹ ਸਤਿਲੁਜ ਦਰਿਆ ਕੰਢੇ ਫਿਰੋਜ਼ਪੁਰ ਵਿਖੇ ਹੀ ਹੈ। ਉਨ੍ਹਾਂ ਆਪਣਾ ਕਲਾਮ ਸੁਣਾਉਂਦਿਆ ਦੋ ਸ਼ਿਅਰਾ ਵਿੱਚ ਆਪਣਾ ਫ਼ਲਸਫ਼ਾ ਪੇਸ਼ ਕਰ ਦਿੱਤਾ ਤੇ ਕਿਹਾ ਕਿ ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ। ਸੱਚੀਂ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ। ਉਨ੍ਹਾਂ ਸ਼੍ਰੀ ਮੋਹਨ ਲਾਲ ਭਾਸਕਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਜਿੱਥੇ ਸਿਆਸੀ ਕਰਮਯੋਗੀ ਸਨ ਉਥੇ ਡਾ. ਹਰਿਵੰਸ਼ ਰਾਏ ਬੱਚਨ ਦੇ ਪਿਆਰ ਪਾਤਰ ਕਲਮ -ਯੋਗੀ ਵੀ ਸਨ। ਇਸ ਮੌਕੇ ਉਰਦੂ ਜ਼ਬਾਨ ਦੇ ਮਹਾਨ ਸ਼ਾਇਰ ਪ੍ਰੋ. ਵਸੀਮ ਬਰੇਲਵੀ ਨੇ ਮੁਸ਼ਾਇਰੇ ਦੀ ਪ੍ਰਧਾਨਗੀ ਕੀਤੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਰਪ੍ਰਸਤ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ(ਲੁਧਿਆਣਾ) ਸ਼ਹੀਦ ਭਗਤ ਸਿੰਘ ਪਰਿਵਾਰ ਦੀ ਫ਼ੋਜ਼ਪੁਰ ਵਿਆਹੀ ਬੇਟੀ ਡਾ. ਮਨਦੀਪ ਕੌਰ ਉੱਪਲ ਆਪਣੇ ਪਤੀ ਸਮੇਤ ਹਾਜ਼ਰ ਸਨ।